ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਮਾਰੀ ਹੁਣ ਤੱਕ 42 ਲੱਖ ਤੋਂ ਵੱਧ ਲੋਕਾਂ ਨੂੰ ਆਪਣੀ ਚਪੇਟ ਵਿਚ ਲੈ ਚੁੱਕੀ ਹੈ। ਜਦਕਿ 2 ਲੱਖ 87 ਹਜ਼ਾਰ ਕੋਰੋਨਾ ਪੀੜਤ ਆਪਣੀ ਜਾਨ ਗਵਾ ਚੁੱਕੇ ਹਨ। ਕੋਰੋਨਾ ਮਹਾਮਾਰੀ ਦੇ ਇਲਾਜ਼ ਲਈ ਦੁਨੀਆ ਭਰ ਦੇ ਦੇਸ਼ ਵੈਕਸੀਨ ਬਣਾਉਣ ਵਿਚ ਲੱਗੇ ਹੋਏ ਹਨ ਪਰ ਅਜੇ ਤੱਕ ਕਿਸੇ ਦੇ ਹੱਥ ਸਫ਼ਲਤਾ ਨਹੀਂ ਲੱਗੀ ਹੈ।ਉੱਥੇ ਹੀ ਵਿਸ਼ਵ ਸਿਹਤ ਸੰਗਠਨ ਨੇ ਦਾਅਵਾ ਕੀਤਾ ਹੈ ਕਿ ਵੈਕਸੀਨ ਨੂੰ ਬਣਾਉਣ ਲਈ ਸੱਤ ਤੋਂ ਅੱਠ ਟੀਮਾਂ ਲੱਗੀਆਂ ਹੋਈਆਂ ਹਨ ਜੋ ਕਿ ਉਸ ਨੂੰ ਬਣਾਉਣ ਦੇ ਕਾਫ਼ੀ ਕਰੀਬ ਹਨ ਅਤੇ ਜਲਦੀ ਹੀ ਚੰਗੀ ਖਬਰ ਮਿਲ ਸਕਦੀ ਹੈ।
ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੇਡਰਾਸ ਏਡਨਾਮ ਨੇ ਸੋਮਵਾਰ ਨੂੰ ਸੰਯੁਕਤ ਰਾਸ਼ਟਰ ਦੀ ਇਕਨੋਮਿਕ ਐਂਡ ਸੋਸ਼ਲ ਕਾਊਂਸਿਲ ਨੂੰ ਇਹ ਜਾਣਕਾਰੀ ਦਿੱਤੀ ਹੈ ਕਿ ”ਵੈਕਸੀਨ ਉੱਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਦੁਨੀਆ ਭਰ ਦੀਆਂ ਲਗਭਗ 100 ਟੀਮਾਂ ਇਸ ਨੂੰ ਬਣਾਉਣ ‘ਤੇ ਕੰਮ ਕਰ ਰਹੀਆਂ ਹਨ ਪਰ ਇਨ੍ਹਾਂ ਵਿਚੋਂ 7 ਤੋਂ 8 ਟੀਮਾਂ ਅਜਿਹੀਆਂ ਹਨ ਜਿਹੜੀ ਕਿ ਵੈਕਸੀਨ ਬਣਾਉਣ ਦੇ ਕਾਫ਼ੀ ਨਜ਼ਦੀਕ ਹਨ ਅਤੇ ਜਲਦੀ ਹੀ ਦੁਨੀਆ ਨੂੰ ਚੰਗੀ ਖਬਰ ਮਿਲ ਸਕਦੀ ਹੈ”। ਉਨ੍ਹਾਂ ਨੇ ਅੱਗੇ ਕਿਹਾ ਕਿ ਦੋ ਮਹੀਨੇ ਪਹਿਲਾ ਅਸੀ ਇਹ ਅੰਦਾਜ਼ਾ ਲਗਾਇਆ ਸੀ ਕਿ ਵੈਕਸੀਨ ਬਣਾਉਣ ਵਿਚ 12 ਤੋਂ 18 ਮਹੀਨੇ ਲੱਗ ਸਕਦੇ ਹਨ ਪਰ ਹੁਣ ਲੱਗਦਾ ਹੈ ਕਿ ਇਹ ਸਮੇਂ ਤੋਂ ਪਹਿਲਾਂ ਹੀ ਬਣਾ ਲਈ ਜਾਵੇਗੀ। WHO ਦੇ ਮੁੱਖੀ ਨੇ ਵੈਕਸੀਨ ਦੀ ਖੋਜ਼ ਤੇ ਪ੍ਰੋਡਕਸ਼ਨ ਦੇ ਲਈ ਫੰਡ ਵਿਚ ਕਮੀ ਦੀ ਗੱਲ ਵੀ ਕਹੀ ਹੈ। ਉਨ੍ਹਾਂ ਨੇ ਕਿਹਾ ਕਿ ”ਇਸ ਦੀ ਖੋਜ਼ ਲਈ ਕਰੀਬ 8 ਬਿਲੀਅਨ ਡਾਲਰ ਜੁਟਾਏ ਗਏ ਹਨ ਪਰ ਇਹ ਕਾਫੀ ਨਹੀਂ ਹਨ। ਸਾਨੂੰ ਹੋਰ ਮਦਦ ਦੀ ਲੋੜ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਵੈਕਸੀਨ ਬਣਾਉਣ ਵਿਚ ਦੇਰੀ ਹੋਵੇਗੀ”। ਉਨ੍ਹਾਂ ਨੇ ਇਹ ਵੀ ਭਰੋਸਾ ਦਿੱਤਾ ਹੈ ਕਿ ਕੋਰੋਨਾ ਵੈਕਸੀਨ ਬਣਨ ਤੋਂ ਬਾਅਦ ਹਰ ਦੇਸ਼ ਵਿਚ ਪਹੁੰਚਾਈ ਜਾਵੇਗੀ।

