ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸੰਸਦ ਮੈਂਬਰ ਪ੍ਰਨੀਤ ਕੌਰ ਅਤੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਮੰਗਲਵਾਰ ਨੂੰ ਪਟਿਆਲੇ ਦੀ ਛੋਟੀ ਨਦੀ ‘ਤੇ 250 ਲੱਖ ਰੁਪਏ ਦੇ ਖਰਚ ਨਾਲ ਇੱਕ ਪੁਲ ਦੀ ਉਸਾਰੀ ਦਾ ਕੰਮ ਸ਼ੁਰੂ ਕਰਾਇਆ ਹੈ। ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ, ਛੋਟੀ ਨਦੀ ‘ਤੇ ਨਵੇਂ ਪੁਲ ਬਣਾਏ ਜਾਣ ਦੇ ਲੋਕਾਂ ਦੀ ਮੰਗ ਨੂੰ ਅੱਜ ਪੂਰਾ ਕੀਤਾ ਹੈ। ਇਸ ਪੁਲ ਦੇ ਬਣਨ ਨਾਲ ਸਨੌਰ, ਪਾਹਵਾ, ਦੇਵੀਗੜ੍ਹ, ਬਲਬੇੜਾ, ਚੀਕਾ, ਕੈਥਲ ਜਾਣ ਵਾਲੇ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ ਅਤੇ ਪਟਿਆਲਾ ਜ਼ਿਲ੍ਹੇ ਦੇ ਲਗਭਗ 250 ਪਿੰਡ ਵੀ ਸ਼ਹਿਰ ਨਾਲ ਜੋੜੇ ਜਾਣਗੇ।
ਪ੍ਰਨੀਤ ਕੌਰ ਨੇ ਪਟਿਆਲਾ ਦੇ ਲੋਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਵੱਲੋਂ ਚਲਾਈ ਜਾ ਰਹੀ ਪਲਾਸਟਿਕ ਮੁਕਤ ਪਟਿਆਲਾ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਪ੍ਰੇਰਿਆ। ਕੈਬਿਨੇਟ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ, 250 ਲੱਖ ਦੀ ਲਾਗਤ ਨਾਲ ਬਣਨ ਵਾਲੇ ਇਸ ਪੁਲ ਨਾਲ ਸ਼ਹਿਰ ਦੇ ਆਸ ਪਾਸ ਦੇ ਲੋਕਾਂ ਨੂੰ ਫਾਇਦਾ ਮਿਲੇਗਾ, ਜਦੋਂਕਿ ਵਿਸਾਖੀ ਤੱਕ ਵੱਡੀ ਨਦੀ ‘ਤੇ ਬਣਾਇਆ ਜਾ ਰਿਹਾ ਇਹ ਪੁਲ ਵੀ ਰਾਜ ਦੇ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ, ਪੀਆਈਡੀਬੀ ਪ੍ਰਾਜੈਕਟ ਤਹਿਤ ਬਣਨ ਵਾਲੇ ਇਸ ਪੁਲ ਦੀ ਲੰਬਾਈ 24 ਮੀਟਰ ਹੈ ਅਤੇ ਪੁੱਲ ਦੀ ਚੌੜਾਈ 18 ਮੀਟਰ ਹੈ। ਉਨ੍ਹਾਂ ਕਿਹਾ ਕਿ, ਸਰਕਾਰ ਵੱਲੋਂ ਸਨੌਰੀ ਅੱਡੇ ਅਤੇ ਆਸ-ਪਾਸ ਦੇ ਇਲਾਕਿਆਂ ਲਈ 37 ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਇਸ ਦੇ ਤਹਿਤ, ਮੀਰਾਪੁਰ ਤੋਂ 12 ਕਿਲੋਮੀਟਰ ਲੰਬੀ ਪਟਿਆਲਾ ਪਹੇਵਾ ਸੜਕ 13.50 ਕਰੋੜ ਦੀ ਲਾਗਤ ਨਾਲ ਬਣਾਈ ਗਈ ਹੈ। ਵੱਡੀ ਨਦੀ ‘ਤੇ 3.50 ਕਰੋੜ ਦੀ ਲਾਗਤ ਨਾਲ ਇਕ ਪੁਲ ਬਣਾਇਆ ਜਾ ਰਿਹਾ ਹੈ, ਜੋ ਵਿਸਾਖੀ ਤੱਕ ਮੁਕੰਮਲ ਹੋਣ ਦੀ ਉਮੀਦ ਜਤਾਈ ਗਈ ਹੈ।
ਮੰਤਰੀ ਨੇ ਦੱਸਿਆ ਕਿ, ਵੱਡੀ ਅਤੇ ਛੋਟੀ ਨਦੀ ਦੇ ਕੰਢੇ ਵੀ 5.75 ਕਰੋੜ ਦੀ ਲਾਗਤ ਨਾਲ ਸੜਕਾਂ ਬਣਾਈਆਂ ਗਈਆਂ ਹਨ ਅਤੇ ਛੋਟੀ ਅਤੇ ਵੱਡੀ ਨਦੀ ਦਰਮਿਆਨ ਫੋਰ-ਵੇਅ ਸੜਕ ਵੀ ਮੁਕੰਮਲ ਹੋਣ ਵਾਲੀ ਹੈ। ਸ਼ੀਸ਼ ਮਹਿਲ ਤੋਂ ਤਕਰੀਬਨ ਪੰਜ ਕਿਲੋਮੀਟਰ ਤੱਕ ਲੰਬੀ ਸੜਕ ਦਾ ਨਿਰਮਾਣ ਵੀ 5.5 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਸੀ ਅਤੇ ਚਾਰ ਕਿਲੋਮੀਟਰ ਲੰਬੀ ਪਟਿਆਲਾ-ਸਨੌਰ ਸੜਕ ਵੀ ਪੰਜ ਕਰੋੜ ਦੀ ਲਾਗਤ ਨਾਲ ਬਣਾਈ ਗਈ ਹੈ। ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਦੱਸਿਆ ਕਿ, ਛੇਤੀ ਹੀ ਵੱਡੀਆਂ ਅਤੇ ਛੋਟੀਆਂ ਨਦੀਆਂ ਦੇ ਸੁੰਦਰੀਕਰਨ ਦਾ ਕੰਮ ਵੀ ਸ਼ੁਰੂ ਹੋ ਜਾਵੇਗਾ।




