ਮਾਨਸੂਨ ਦੇ ਬਾਵਜੂਦ ਪੰਜਾਬ ਵਿੱਚ ਚੰਗੀ ਬਾਰਿਸ਼ ਦੇਖਣ ਨੂੰ ਨਹੀਂ ਮਿਲੀ। ਮੌਸਮ ਵਿਭਾਗ ਮੁਤਾਬਕ ਪਿਛਲੇ ਤਿੰਨ ਦਿਨਾਂ ‘ਚ ਸੂਬੇ ‘ਚ 30 ਫੀਸਦੀ ਘੱਟ ਬਾਰਿਸ਼ ਹੋਈ ਹੈ। 1 ਤੋਂ 3 ਜੁਲਾਈ ਤੱਕ ਪੰਜਾਬ ਵਿੱਚ ਔਸਤਨ 12.2 ਮਿਲੀਮੀਟਰ ਵਰਖਾ ਹੋਈ ਹੈ, ਜਦੋਂ ਕਿ ਹੁਣ ਤੱਕ ਸਿਰਫ਼ 8.6 ਮਿਲੀਮੀਟਰ ਵਰਖਾ ਹੀ ਹੋਈ ਹੈਪਰ ਮਾਨਸੂਨ ਦੇ ਆਉਣ ਨਾਲ ਗਰਮੀ ਤੋਂ ਰਾਹਤ ਮਿਲੀ ਹੈ ਅਤੇ ਤਾਪਮਾਨ ‘ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
ਮੌਸਮ ਵਿਭਾਗ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਔਸਤ ਤਾਪਮਾਨ ਵਿੱਚ 1.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਪੰਜਾਬ ਦੇ ਫ਼ਿਰੋਜ਼ਪੁਰ ਅਤੇ ਬਠਿੰਡਾ ਨੂੰ ਛੱਡ ਕੇ ਪੂਰੇ ਸੂਬੇ ਵਿੱਚ ਤਾਪਮਾਨ 40 ਡਿਗਰੀ ਤੋਂ ਹੇਠਾਂ ਹੈ। ਬੀਤੀ ਸ਼ਾਮ ਬਠਿੰਡਾ ਵਿੱਚ ਵੱਧ ਤੋਂ ਵੱਧ ਤਾਪਮਾਨ 44.1 ਡਿਗਰੀ ਅਤੇ ਫ਼ਿਰੋਜ਼ਪੁਰ ਵਿੱਚ 40.2 ਡਿਗਰੀ ਦਰਜ ਕੀਤਾ ਗਿਆ ਪਰ ਹਵਾ ਵਿੱਚ ਨਮੀ ਦੀ ਮਾਤਰਾ ਵਧਣ ਨਾਲ ਸੂਬੇ ਵਿੱਚ ਨਮੀ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮਾਨਸੂਨ ਦੀ ਚਾਲ ਤੋਂ ਬਾਅਦ ਪਹਾੜੀ ਰਾਜਾਂ ਨਾਲ ਲੱਗਦੇ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਦਬਾਅ ਦੀ ਸਥਿਤੀ ਬਣੀ ਹੋਈ ਹੈ। ਅਨੁਮਾਨ ਹੈ ਕਿ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਰੂਪਨਗਰ, ਐਸਬੀਐਸ ਨਗਰ, ਮੋਹਾਲੀ ਵਿੱਚ ਆਉਣ ਵਾਲੇ ਦਿਨਾਂ ਵਿੱਚ ਚੰਗੀ ਬਾਰਿਸ਼ ਹੋ ਸਕਦੀ ਹੈ।
ਅੱਜ ਵੀ ਮੌਸਮ ਵਿਭਾਗ ਨੇ ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ ਅਤੇ ਮੋਹਾਲੀ ਵਿੱਚ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਤੋਂ ਇਲਾਵਾ 5 ਜੁਲਾਈ ਦਿਨ ਸ਼ਨੀਵਾਰ ਨੂੰ ਪੰਜਾਬ ਦੇ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ ਅਤੇ ਹੁਸ਼ਿਆਰਪੁਰ ‘ਚ ਬਾਰੀਆ ਦਾ ਯੈਲੋ ਅਲਰਟ ਹੈ। ਇਸ ਦੌਰਾਨ ਬੀਤੀ ਸ਼ਾਮ ਤੱਕ ਐਸਬੀਐਸ ਨਗਰ ਵਿੱਚ 15 ਐਮਐਮ, ਰੋਪੜ ਵਿੱਚ 9 ਐਮਐਮ ਅਤੇ ਮੁਹਾਲੀ ਵਿੱਚ 2 ਐਮਐਮ ਮੀਂਹ ਦਰਜ ਕੀਤਾ ਗਿਆ।
ਚੰਡੀਗੜ੍ਹ ਵਿਚ ਰੁਕ ਰੁਕ ਕੇ ਪੈਂਦਾ ਰਿਹਾ ਮੀਂਹ
ਮੌਸਮ ਵਿਭਾਗ ਨੇ ਚੰਡੀਗੜ੍ਹ ਵਿੱਚ ਅਗਲੇ ਤਿੰਨ ਦਿਨਾਂ ਤੱਕ ਮੀਂਹ ਪੈਣ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਵਿਭਾਗ ਅਨੁਸਾਰ ਚੰਡੀਗੜ੍ਹ ਵਿੱਚ 7 ਜੁਲਾਈ ਤੱਕ ਮੀਂਹ ਪਵੇਗਾ ਅਤੇ ਦਿਨ ਭਰ ਬੱਦਲ ਛਾਏ ਰਹਿਣਗੇ। ਇਸ ਕਾਰਨ ਤਾਪਮਾਨ ਵਿੱਚ ਵੀ ਗਿਰਾਵਟ ਆਈ ਹੈ। ਇਸ ਸਮੇਂ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 32.6 ਡਿਗਰੀ ਦਰਜ ਕੀਤਾ ਗਿਆ ਹੈ। ਚੰਡੀਗੜ੍ਹ ‘ਚ ਅੱਜ ਵੀ ਬੱਦਲ ਛਾਏ ਹੋਏ ਹਨ ਅਤੇ ਰਾਤ ਤੋਂ ਹੀ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਸ਼ਹਿਰ ਵਿੱਚ ਪਿਛਲੇ 33 ਘੰਟਿਆਂ ਵਿੱਚ 66.5 ਐਮਐਮ ਰਿਕਾਰਡ ਕੀਤਾ ਗਿਆ ਹੈ। 1 ਜੂਨ ਤੋਂ 30 ਜੂਨ ਦਰਮਿਆਨ ਕੁੱਲ 9.9 ਮਿਲੀਮੀਟਰ ਬਾਰਿਸ਼ ਹੋਈ। ਜੁਲਾਈ ਦੇ ਪਹਿਲੇ ਤਿੰਨ ਦਿਨਾਂ ਵਿੱਚ ਇਸ ਮਹੀਨੇ ਦੀ ਕੁੱਲ ਬਾਰਿਸ਼ ਦਾ ਲਗਭਗ 25% ਮੀਂਹ ਪਿਆ ਹੈ। ਜਿਸ ਕਾਰਨ ਸ਼ਹਿਰ ਵਿੱਚ ਕਈ ਥਾਵਾਂ ’ਤੇ ਪਾਣੀ ਭਰਨ ਦੀ ਸਮੱਸਿਆ ਵੀ ਆ ਰਹੀ ਹੈ। ਪਰ ਮਾਨਸੂਨ ਦੀ ਪਹਿਲੀ ਬਰਸਾਤ ਕਾਰਨ ਇਸ ਵਾਰ ਲੋਕ ਖੂਬ ਆਨੰਦ ਲੈ ਰਹੇ ਹਨ।

