ਨਵੀਂ ਦਿੱਲੀ/ਚੰਡੀਗੜ੍ਹ: ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਦਿੱਲੀ-ਐਨਸੀਆਰ (Delhi-NCR) ਸਮੇਤ ਕਈ ਇਲਾਕਿਆਂ ਵਿੱਚ ਹੋਈ ਹਲਕੀ ਬੂੰਦਾਬਾਂਦੀ ਵੀ ਲੋਕਾਂ ਨੂੰ ਭਿਆਨਕ ਗਰਮੀ ਤੋਂ ਰਾਹਤ ਦਿਵਾਉਣ ਵਿੱਚ ਨਾਕਾਮ ਰਹੀ ਹੈ। ਪੰਜਾਬ ਤੋਂ ਲੈ ਕੇ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਤੋਂ ਲੈ ਕੇ ਪੂਰਵੀ ਭਾਰਤ ਤੱਕ ਪੂਰਾ ਇਲਾਕਾ ਲੂ (Heatwave) ਦੀ ਲਪੇਟ ਵਿੱਚ ਹੈ। ਖ਼ਾਸ ਕਰਕੇ ਉੱਤਰ ਪ੍ਰਦੇਸ਼ ਵਿੱਚ ਸੂਰਜ ਦਾ ਕਹਿਰ ਸਿਖਰਾਂ ‘ਤੇ ਹੈ, ਜਿੱਥੇ ਬਾਂਦਾ ਅਤੇ ਪ੍ਰਯਾਗਰਾਜ ਵਰਗੇ ਜ਼ਿਲ੍ਹਿਆਂ ਵਿੱਚ ਤਾਪਮਾਨ ਅਜੇ ਵੀ 46 ਡਿਗਰੀ ਸੈਲਸੀਅਸ ਤੋਂ ਪਾਰ ਬਣਿਆ ਹੋਇਆ ਹੈ।
ਦਿੱਲੀ ਵਿੱਚ ਪਾਰਾ ਡਿੱਗਿਆ
ਹਲਕੀ ਬਾਰਿਸ਼ ਕਾਰਨ ਰਾਜਧਾਨੀ ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 2.5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਸ਼ਨੀਵਾਰ ਨੂੰ ਪਾਰਾ 41.1 ਡਿਗਰੀ ਸੈਲਸੀਅਸ ਰਿਹਾ। ਹਾਲਾਂਕਿ, ਇਹ ਰਾਹਤ ਬਹੁਤ ਮੁਖ਼ਤਸਰ ਸਾਬਤ ਹੋਣ ਵਾਲੀ ਹੈ ਕਿਉਂਕਿ ਸੋਮਵਾਰ ਤੋਂ ‘ਨੌਤਪਾ’ ਸ਼ੁਰੂ ਹੋ ਰਿਹਾ ਹੈ। ਮੌਸਮ ਮਾਹਰਾਂ ਮੁਤਾਬਕ ਆਉਣ ਵਾਲੇ 9 ਦਿਨਾਂ ਤੱਕ ਅਸਮਾਨ ਤੋਂ ਅੱਗ ਵਰ੍ਹੇਗੀ ਅਤੇ ਝੁਲਸਾ ਦੇਣ ਵਾਲੀਆਂ ਪੱਛਮੀ ਹਵਾਵਾਂ ਚੱਲਣਗੀਆਂ, ਜਿਸ ਕਾਰਨ ਗਰਮੀ ਹੋਰ ਰੌਂਦ ਰੂਪ ਅਖਤਿਆਰ ਕਰੇਗੀ।
ਹਿਮਾਚਲ-ਉੱਤਰਾਖੰਡ ‘ਚ ਗੜੇਮਾਰੀ ਅਤੇ ਪੰਜਾਬ ਸਮੇਤ ਕਈ ਸੂਬਿਆਂ ‘ਚ ਚੱਲੀਆਂ ਤੇਜ਼ ਹਵਾਵਾਂ
ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਿੱਚ ਕੁਝ ਥਾਵਾਂ ‘ਤੇ ਗੜੇਮਾਰੀ ਹੋਈ ਹੈ। ਇਸ ਦੇ ਨਾਲ ਹੀ ਪੰਜਾਬ, ਹਰਿਆਣਾ, ਮੱਧ ਪ੍ਰਦੇਸ਼, ਜੰਮੂ-ਕਸ਼ਮੀਰ, ਲੱਦਾਖ ਅਤੇ ਝਾਰਖੰਡ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲੀਆਂ। ਇਨ੍ਹਾਂ ਹਵਾਵਾਂ ਕਾਰਨ ਸ਼ਨੀਵਾਰ ਸਵੇਰੇ ਕੁਝ ਸਮੇਂ ਲਈ ਤਾਂ ਮੌਸਮ ਸੁਹਾਵਣਾ ਹੋਇਆ, ਪਰ ਦਿਨ ਚੜ੍ਹਦਿਆਂ ਹੀ ਇਹ ਸਾਰੇ ਸੂਬੇ ਦੁਬਾਰਾ ਭਿਆਨਕ ਗਰਮੀ ਦੀ ਗ੍ਰਿਫ਼ਤ ਵਿੱਚ ਆ ਗਏ।
ਪੰਜਾਬ ਸਮੇਤ ਕਈ ਰਾਜਾਂ ਲਈ 3 ਦਿਨਾਂ ਦਾ ‘Severe Heatwave’ ਅਲਰਟ
ਉੱਤਰ ਪ੍ਰਦੇਸ਼ ਅਤੇ ਵਿਦਰਭ ਦੇ ਕਈ ਹਿੱਸਿਆਂ ਵਿੱਚ ਇਸ ਵੇਲੇ ਅੱਤ ਦੀ ਲੂ ਚੱਲ ਰਹੀ ਹੈ। ਸਥਿਤੀ ਨੂੰ ਦੇਖਦੇ ਹੋਏ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਝਾਰਖੰਡ ਵਿੱਚ ਅਗਲੇ ਤਿੰਨ ਦਿਨਾਂ ਲਈ ਭਿਆਨਕ ਗਰਮੀ ਅਤੇ ਲੂ (Severe Heatwave) ਦਾ ਰੈੱਡ/ਔਰੇਂਜ ਅਲਰਟ ਜਾਰੀ ਕੀਤਾ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਦੁਪਹਿਰ ਵੇਲੇ ਬਿਨਾਂ ਵਜ੍ਹਾ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



