ਵਰਿੰਦਾਵਨ: ਉੱਤਰ ਪ੍ਰਦੇਸ਼ ਦੇ ਵਰਿੰਦਾਵਨ ਵਿਖੇ ਸ਼ਰਧਾਲੂਆਂ ਨਾਲ ਵਾਪਰੇ ਦਰਦਨਾਕ ਕਿਸ਼ਤੀ ਹਾਦਸੇ ਵਿੱਚ ਲਾਪਤਾ ਹੋਏ ਜਲਾਲਾਬਾਦ ਦੇ ਨੌਜਵਾਨ ਪੰਕਜ ਮਲਹੋਤਰਾ ਦੀ ਮ੍ਰਿਤਕ ਦੇਹ ਛੇ ਦਿਨਾਂ ਬਾਅਦ ਬਰਾਮਦ ਕਰ ਲਈ ਗਈ ਹੈ। ਪੰਕਜ ਦੀ ਲਾਸ਼ ਹਾਦਸੇ ਵਾਲੀ ਜਗ੍ਹਾ ਤੋਂ ਕਰੀਬ 7 ਕਿਲੋਮੀਟਰ ਦੂਰ ਨਦੀ ਦੇ ਕਿਨਾਰੇ ਝਾੜੀਆਂ ਵਿੱਚ ਫਸੀ ਹੋਈ ਮਿਲੀ। ਇਸ ਖ਼ਬਰ ਨਾਲ ਜਲਾਲਾਬਾਦ ਇਲਾਕੇ ਅਤੇ ਪੀੜਤ ਪਰਿਵਾਰ ਵਿੱਚ ਮਾਤਮ ਪਸਰ ਗਿਆ ਹੈ।
NDRF ਦੀਆਂ ਟੀਮਾਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਸੀ ਭਾਲ
ਜ਼ਿਕਰਯੋਗ ਹੈ ਕਿ ਕਿਸ਼ਤੀ ਪਲਟਣ ਦੀ ਘਟਨਾ ਤੋਂ ਬਾਅਦ ਪੰਕਜ ਮਲਹੋਤਰਾ ਨਦੀ ਦੇ ਤੇਜ਼ ਵਹਾਅ ਵਿੱਚ ਵਹਿ ਗਿਆ ਸੀ। ਪਿਛਲੇ ਛੇ ਦਿਨਾਂ ਤੋਂ ਐਨ.ਡੀ.ਆਰ.ਐਫ ਦੀਆਂ ਟੀਮਾਂ ਵੱਲੋਂ ਦਿਨ-ਰਾਤ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਸੀ। ਨਦੀ ਵਿੱਚ ਗਾਰ ਜ਼ਿਆਦਾ ਹੋਣ ਕਾਰਨ ਭਾਲ ਵਿੱਚ ਮੁਸ਼ਕਲਾਂ ਆ ਰਹੀਆਂ ਸਨ। ਅੱਜ ਜਦੋਂ ਨਦੀ ਦੇ ਇੱਕ ਹਿੱਸੇ ਵਿੱਚੋਂ ਬਦਬੂ ਆਉਣ ਲੱਗੀ ਤਾਂ ਟੀਮਾਂ ਨੇ ਉੱਥੇ ਜਾਂਚ ਕੀਤੀ, ਜਿੱਥੇ ਝਾੜੀਆਂ ਵਿੱਚ ਫਸੀ ਹੋਈ ਪੰਕਜ ਦੀ ਦੇਹ ਬਰਾਮਦ ਹੋਈ।
ਪੋਸਟਮਾਰਟਮ ਤੋਂ ਬਾਅਦ ਜਲਾਲਾਬਾਦ ਲਿਆਂਦੀ ਜਾਵੇਗੀ ਮ੍ਰਿਤਕ ਦੇਹ
ਫਿਲਹਾਲ ਪੰਕਜ ਦੀ ਮ੍ਰਿਤਕ ਦੇਹ ਨੂੰ ਵਰਿੰਦਾਵਨ ਦੇ ਸਥਾਨਕ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ ਪੋਸਟਮਾਰਟਮ ਦੀ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਦੇਹ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।
ਪ੍ਰਸ਼ਾਸਨ ਵੱਲੋਂ ਦੇਹ ਭੇਜਣ ਦੇ ਪੁਖ਼ਤਾ ਪ੍ਰਬੰਧ
ਜਲਾਲਾਬਾਦ ਦੇ ਪ੍ਰਸ਼ਾਸਨ ਨੇ ਦੱਸਿਆ ਕਿ ਉਹ ਵਰਿੰਦਾਵਨ ਪ੍ਰਸ਼ਾਸਨ ਨਾਲ ਲਗਾਤਾਰ ਸੰਪਰਕ ਵਿੱਚ ਹਨ। ਮ੍ਰਿਤਕ ਦੇਹ ਨੂੰ ਸਨਮਾਨ ਸਹਿਤ ਜਲਾਲਾਬਾਦ ਲਿਆਉਣ ਲਈ ਵਿਸ਼ੇਸ਼ ਪ੍ਰਬੰਧ ਕਰ ਲਏ ਗਏ ਹਨ। ਉਮੀਦ ਜਤਾਈ ਜਾ ਰਹੀ ਹੈ ਕਿ ਭਲਕੇ ਤੱਕ ਪੰਕਜ ਦੀ ਦੇਹ ਉਸ ਦੇ ਜੱਦੀ ਸ਼ਹਿਰ ਪਹੁੰਚ ਜਾਵੇਗੀ, ਜਿੱਥੇ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।



