ਲੁਧਿਆਣਾ : ਵਰਿੰਦਾਵਨ ਵਿੱਚ ਯਮੁਨਾ ਨਦੀ ‘ਚ ਵਾਪਰੇ ਦਰਦਨਾਕ ਕਿਸ਼ਤੀ ਹਾਦਸੇ ਨੇ ਜਿੱਥੇ ਕਈ ਪਰਿਵਾਰਾਂ ਨੂੰ ਕਦੇ ਨਾ ਭੁੱਲਣ ਵਾਲੇ ਜ਼ਖ਼ਮ ਦਿੱਤੇ ਹਨ, ਉੱਥੇ ਹੀ ਲੁਧਿਆਣਾ ਦੀ ਰਜਿੰਦਰ ਕੌਰ ਲਈ ਸੋਸ਼ਲ ਮੀਡੀਆ ਦੀ ਇੱਕ ਵੀਡੀਓ ਜੀਵਨਦਾਨ ਸਾਬਤ ਹੋਈ। ਮੌਤ ਦੇ ਮੂੰਹ ਵਿੱਚੋਂ ਸੁਰੱਖਿਅਤ ਨਿਕਲ ਕੇ ਲੁਧਿਆਣਾ ਪਹੁੰਚੀ ਰਜਿੰਦਰ ਕੌਰ ਨੇ ਦੱਸਿਆ ਕਿ ਕਿਵੇਂ ਇੱਕ ‘ਇੰਸਟਾਗ੍ਰਾਮ ਰੀਲ’ ਵਿੱਚ ਦੇਖੇ ਗਏ ਬਚਾਅ ਦੇ ਤਰੀਕੇ ਨੇ ਉਸ ਦੀ ਜਾਨ ਬਚਾ ਲਈ।
ਖੁਸ਼ੀ ਦਾ ਮਾਹੌਲ ਮਿੰਟਾਂ ਵਿੱਚ ਮਾਤਮ ‘ਚ ਬਦਲਿਆ
ਰਜਿੰਦਰ ਕੌਰ ਨੇ ਦੱਸਿਆ ਕਿ ਲੁਧਿਆਣਾ ਦੇ ਜਗਰਾਓਂ ਤੋਂ ਕਰੀਬ 120 ਸ਼ਰਧਾਲੂਆਂ ਦਾ ਜੱਥਾ ਵਰਿੰਦਾਵਨ ਯਾਤਰਾ ‘ਤੇ ਗਿਆ ਸੀ। ਉਸ ਦੀ ਆਪਣੀ ਗਲੀ ਵਿੱਚੋਂ ਵੀ 8 ਲੋਕ ਸ਼ਾਮਲ ਸਨ। ਹਾਦਸੇ ਵੇਲੇ ਕਿਸ਼ਤੀ ਵਿੱਚ ਸਵਾਰ ਸਾਰੇ ਸ਼ਰਧਾਲੂ ਭਜਨ ਗਾਇਨ ਕਰ ਰਹੇ ਸਨ। ਯਮੁਨਾ ਨਦੀ ਦੇ ਪੁਲ ਹੇਠੋਂ ਲੰਘਦਿਆਂ ਕਿਸ਼ਤੀ ਪੁਲ ਨਾਲ ਟਕਰਾ ਗਈ ਅਤੇ ਪਲਟ ਗਈ। ਪਲਕ ਝਪਕਦਿਆਂ ਹੀ 35 ਦੇ ਕਰੀਬ ਸ਼ਰਧਾਲੂ ਨਦੀ ਦੇ ਤੇਜ਼ ਵਹਾਅ ਵਿੱਚ ਡੁੱਬਣ ਲੱਗੇ। ਇਸ ਹਾਦਸੇ ਵਿੱਚ ਜਗਰਾਓਂ ਇਲਾਕੇ ਦੇ 12 ਸ਼ਰਧਾਲੂਆਂ ਦੀ ਮੌਤ ਹੋ ਗਈ, ਜਿਨ੍ਹਾਂ ਦੀਆਂ ਮ੍ਰਿਤਕ ਦੇਹਾਂ ਅੱਜ ਜੱਦੀ ਸ਼ਹਿਰ ਪਹੁੰਚੀਆਂ ਹਨ।
ਸੋਸ਼ਲ ਮੀਡੀਆ ਦੀ ਰੀਲ ਨੇ ਦਿੱਤਾ ਜੀਵਨਦਾਨ
ਰਜਿੰਦਰ ਕੌਰ ਨੇ ਬੇਹੱਦ ਭਾਵੁਕ ਹੁੰਦਿਆਂ ਦੱਸਿਆ ਕਿ ਜਦੋਂ ਉਹ ਪਾਣੀ ਵਿੱਚ ਡੁੱਬ ਰਹੀ ਸੀ, ਤਾਂ ਅਚਾਨਕ ਉਸ ਦੇ ਦਿਮਾਗ ਵਿੱਚ ਸੋਸ਼ਲ ਮੀਡੀਆ ‘ਤੇ ਦੇਖੀ ਇੱਕ ਵੀਡੀਓ (ਰੀਲ) ਆ ਗਈ। ਉਸ ਰੀਲ ਵਿੱਚ ਦੱਸਿਆ ਗਿਆ ਸੀ ਕਿ ਜੇਕਰ ਤੁਸੀਂ ਅਚਾਨਕ ਡੂੰਘੇ ਪਾਣੀ ਵਿੱਚ ਡਿੱਗ ਜਾਓ, ਤਾਂ ਬਚਣ ਲਈ ਆਪਣਾ ਮੂੰਹ ਬੰਦ ਰੱਖੋ ਅਤੇ ਸਰੀਰ ਨੂੰ ਕਿਵੇਂ ਹਲਕਾ ਛੱਡਣਾ ਹੈ। ਰਜਿੰਦਰ ਨੇ ਠੀਕ ਉਸੇ ਤਰ੍ਹਾਂ ਕੀਤਾ, ਜਿਸ ਨਾਲ ਉਹ ਪਾਣੀ ਦੀ ਸਤ੍ਹਾ ‘ਤੇ ਉੱਪਰ ਆ ਗਈ ਅਤੇ ਬਚਾਅ ਟੀਮ ਨੇ ਉਸ ਨੂੰ ਸੁਰੱਖਿਅਤ ਬਾਹਰ ਕੱਢ ਲਿਆ।
ਜਗਰਾਓਂ ਵਿੱਚ ਸੋਗ ਦੀ ਲਹਿਰ
ਹਾਦਸੇ ਤੋਂ ਬਾਅਦ ਜਗਰਾਓਂ ਸ਼ਹਿਰ ਵਿੱਚ ਸੋਗ ਦਾ ਮਾਹੌਲ ਹੈ। ਜਿੱਥੇ ਰਜਿੰਦਰ ਕੌਰ ਦੇ ਸੁਰੱਖਿਅਤ ਘਰ ਪਰਤਣ ‘ਤੇ ਪਰਿਵਾਰ ਨੇ ਸੁੱਖ ਦਾ ਸਾਹ ਲਿਆ ਹੈ, ਉੱਥੇ ਹੀ 12 ਸ਼ਰਧਾਲੂਆਂ ਦੀਆਂ ਮ੍ਰਿਤਕ ਦੇਹਾਂ ਪਹੁੰਚਣ ਕਾਰਨ ਪੂਰੇ ਇਲਾਕੇ ਵਿੱਚ ਚੁੱਪ ਪਸਰੀ ਹੋਈ ਹੈ। ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਵੱਲੋਂ ਪੀੜਤ ਪਰਿਵਾਰਾਂ ਦੀ ਮਦਦ ਕੀਤੀ ਜਾ ਰਹੀ ਹੈ।



