ਮੁੰਬਈ : ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਲਗਭਗ ਤਿੰਨ ਸਾਲਾਂ ਦੇ ਲੰਬੇ ਵਕਫ਼ੇ ਤੋਂ ਬਾਅਦ ਇੰਸਟਾਗ੍ਰਾਮ ‘ਤੇ ਆਪਣੀ ਟ੍ਰੇਨਿੰਗ ਨਾਲ ਜੁੜੀਆਂ ਤਸਵੀਰਾਂ ਸਾਂਝੀਆਂ ਕਰਕੇ ਸੋਸ਼ਲ ਮੀਡੀਆ ‘ਤੇ ਤਹਿਲਕਾ ਮਚਾ ਦਿੱਤਾ ਹੈ। ਹੁਣ ਤੱਕ ਕੋਹਲੀ ਦੇ ਫੀਡ ‘ਤੇ ਜ਼ਿਆਦਾਤਰ ਇਸ਼ਤਿਹਾਰ ਜਾਂ ਪਰਿਵਾਰਕ ਤਸਵੀਰਾਂ ਹੀ ਦੇਖਣ ਨੂੰ ਮਿਲਦੀਆਂ ਸਨ, ਪਰ ਲੰਬੇ ਸਮੇਂ ਬਾਅਦ ਉਨ੍ਹਾਂ ਨੂੰ ਮੈਦਾਨ ‘ਤੇ ਪਸੀਨਾ ਵਹਾਉਂਦੇ ਦੇਖ ਪ੍ਰਸ਼ੰਸਕਾਂ ਦਾ ਉਤਸ਼ਾਹ ਸਿਖਰਾਂ ‘ਤੇ ਹੈ।
ਵਡੋਦਰਾ ਦੇ ਕੋਤਾਂਬੀ ਸਟੇਡੀਅਮ ‘ਚ ਵਹਾਇਆ ਪਸੀਨਾ
ਨਿਊਜ਼ੀਲੈਂਡ ਵਿਰੁੱਧ ਐਤਵਾਰ ਤੋਂ ਵਡੋਦਰਾ ਵਿੱਚ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਇੱਕ ਰੋਜ਼ਾ (ODI) ਸੀਰੀਜ਼ ਤੋਂ ਪਹਿਲਾਂ ਵਿਰਾਟ ਨੇ ਕੋਤਾਂਬੀ ਸਟੇਡੀਅਮ ਵਿੱਚ ਸਖ਼ਤ ਅਭਿਆਸ ਕੀਤਾ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਇਨ੍ਹਾਂ ਤਸਵੀਰਾਂ ਵਿੱਚ ਕੇ.ਐੱਲ. ਰਾਹੁਲ, ਯਸ਼ਸਵੀ ਜੈਸਵਾਲ ਅਤੇ ਹਰਸ਼ਿਤ ਰਾਣਾ ਵੀ ਨਜ਼ਰ ਆ ਰਹੇ ਹਨ। ਇਹ ਤਸਵੀਰਾਂ ਸਾਫ਼ ਸੰਕੇਤ ਦੇ ਰਹੀਆਂ ਹਨ ਕਿ ਕੋਹਲੀ ਘਰੇਲੂ ਮੈਦਾਨ ‘ਤੇ ਕੀਵੀ ਟੀਮ ਨੂੰ ਚੁਣੌਤੀ ਦੇਣ ਲਈ ਪੂਰੀ ਤਰ੍ਹਾਂ ਫੋਕਸਡ ਅਤੇ ਤਿਆਰ ਹਨ।
View this post on Instagram
ਦੱਖਣੀ ਅਫਰੀਕਾ ‘ਚ ਗੱਡੇ ਸੀ ਝੰਡੇ, ਹੁਣ ਨਿਊਜ਼ੀਲੈਂਡ ਦੀ ਵਾਰੀ
ਦੱਸ ਦੇਈਏ ਕਿ ਵਿਰਾਟ ਕੋਹਲੀ ਹੁਣ ਸਿਰਫ ਵਨਡੇ ਕ੍ਰਿਕਟ ‘ਤੇ ਹੀ ਧਿਆਨ ਦੇ ਰਹੇ ਹਨ। ਬੀਤੇ ਦਸੰਬਰ ਵਿੱਚ ਦੱਖਣੀ ਅਫਰੀਕਾ ਵਿਰੁੱਧ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤਿੰਨ ਮੈਚਾਂ ਵਿੱਚ 302 ਰਨ ਬਣਾਏ ਸਨ, ਜਿਸ ਵਿੱਚ ਲਗਾਤਾਰ ਦੋ ਸੈਂਕੜੇ ਸ਼ਾਮਲ ਸਨ। ਉਨ੍ਹਾਂ ਨੂੰ ਉਸ ਸੀਰੀਜ਼ ਵਿੱਚ ‘ਪਲੇਅਰ ਆਫ ਦ ਸੀਰੀਜ਼’ ਚੁਣਿਆ ਗਿਆ ਸੀ। ਨਿਊਜ਼ੀਲੈਂਡ ਵਿਰੁੱਧ ਵੀ ਕੋਹਲੀ ਦਾ ਰਿਕਾਰਡ ਬਿਹਤਰੀਨ ਰਿਹਾ ਹੈ; ਉਨ੍ਹਾਂ ਨੇ ਹੁਣ ਤੱਕ ਕੀਵੀ ਟੀਮ ਖਿਲਾਫ 33 ਮੈਚਾਂ ਵਿੱਚ 1,657 ਰਨ ਬਣਾਏ ਹਨ।
ਇਤਿਹਾਸ ਰਚਣ ਦੇ ਕਰੀਬ
ਇਸ ਸੀਰੀਜ਼ ਦੌਰਾਨ ਵਿਰਾਟ ਕੋਹਲੀ ਇੱਕ ਵੱਡਾ ਇਤਿਹਾਸਕ ਅੰਕੜਾ ਛੂਹ ਸਕਦੇ ਹਨ। ਉਹ ਅੰਤਰਰਾਸ਼ਟਰੀ ਕ੍ਰਿਕਟ ਵਿੱਚ 28,000 ਰਨ ਪੂਰੇ ਕਰਨ ਤੋਂ ਸਿਰਫ਼ 25 ਰਨ ਦੂਰ ਹਨ। ਹੁਣ ਤੱਕ ਉਨ੍ਹਾਂ ਨੇ 556 ਮੈਚਾਂ ਵਿੱਚ 52.58 ਦੀ ਔਸਤ ਨਾਲ 27,975 ਰਨ ਬਣਾਏ ਹਨ, ਜਿਸ ਵਿੱਚ 84 ਸੈਂਕੜੇ ਅਤੇ 145 ਅਰਧ-ਸੈਂਕੜੇ ਸ਼ਾਮਲ ਹਨ। ਇਹ ਉਪਲਬਧੀ ਹਾਸਲ ਕਰਦੇ ਹੀ ਉਹ ਸਚਿਨ ਤੇਂਦੁਲਕਰ ਅਤੇ ਕੁਮਾਰ ਸੰਗਾਕਾਰਾ ਵਰਗੇ ਦਿੱਗਜਾਂ ਦੇ ਵਿਸ਼ੇਸ਼ ਕਲੱਬ ਵਿੱਚ ਸ਼ਾਮਲ ਹੋ ਜਾਣਗੇ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ : https://livingindianews.co.in/farah-khan-birthday-from-chaiyaan-chaiyaan-to-main-hoon-na-this-was-the-journey-of-bollywoods-dance-queen/
ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ



