ਲਖੀਮਪੁਰ- ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਦੇ ਤਿਕੁਨੀਆ ਇਲਾਕੇ ਵਿਚ ਵੱਡਾ ਹਾਦਸਾ ਵਾਪਰ ਗਿਆ ਹੈ। ਇਥੇ ਇਕ ਕਾਰ ਚਾਲਕ ਨੇ ਮੰਤਰੀ ਦਾ ਵਿਰੋਧ ਕਰ ਰਹੇ ਕਿਸਾਨਾਂ ਉੱਤੇ ਗੱਡੀ ਚੜਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿਚ ਦੋ ਕਿਸਾਨਾਂ ਦੀ ਮੌਤ ਹੋ ਗਈ ਹੈ ਜਦਕਿ 8 ਹੋਰ ਕਿਸਾਨ ਜ਼ਖਮੀ ਹੋਏ ਹਨ। ਉਥੇ ਹੀ ਬੀਕੇਯੂ ਨੇ ਦਾਅਵਾ ਕੀਤਾ ਹੈ ਕਿ ਤਿੰਨ ਕਿਸਾਨ ਮਾਰੇ ਗਏ ਹਨ। ਇਹ ਕਿਸਾਨ ਮੰਤਰੀ ਦੇ ਖਿਲਾਫ ਪ੍ਰਦਰਸ਼ਨ ਕਰਨ ਜਾ ਰਹੇ ਸਨ। ਹਾਦਸੇ ਤੋਂ ਬਾਅਦ ਗੁੱਸਾਏ ਲੋਕਾਂ ਨੇ ਤਿੰਨ ਗੱਡੀਆਂ ਨੂੰ ਅੱਗ ਲਾ ਦਿੱਤੀ।
ਦੱਸਿਆ ਜਾ ਰਿਹਾ ਹੈ ਕਿ ਲਖੀਮਪੁਰ ਖੀਰੀ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਪਿੰਡ ਦੇ ਦੌਰੇ ਨੂੰ ਦੇਖਦੇ ਹੋਏ ਡਿਪਟੀ ਸੀਐੱਮ ਨੂੰ ਰਿਸੀਵ ਕਰਨ ਆ ਰਹੇ ਭਾਜਪਾ ਨੇਤਾ ਦੇ ਬੇਟੇ ਆਸ਼ੀਸ਼ ਦੇ ਖਿਲਾਫ ਵਿਰੋਧ ਕਰਨ ਦੌਰਾਨ ਇਹ ਹਾਦਸਾ ਵਾਪਰਿਆ। ਗੱਡੀ ਦੀ ਟੱਕਰ ਕਾਰਨ ਕੁਝ ਕਿਸਾਨ ਜ਼ਖਮੀ ਹੋ ਗਏ, ਜਿਸ ਤੋਂ ਬਾਅਦ ਨਾਰਾਜ਼ ਕਿਸਾਨਾਂ ਨੇ ਸੰਸਦ ਮੈਂਬਰ ਦੇ ਪੁੱਤਰ ਤੇ ਇਕ ਹੋਰ ਦੀ ਗੱਡੀ ਨੂੰ ਅੱਗ ਲਗਾ ਦਿੱਤੀ।
ਇਸ ਘਟਨਾ ਉੱਤੇ ਭਾਰਤ ਕਿਸਾਨ ਯੁਨੀਅਨ ਵਲੋਂ ਅਧਿਕਾਰਿਤ ਬਿਆਨ ਜਾਰੀ ਕਰ ਕਿਹਾ ਗਿਆ ਹੈ ਕਿ ਲਖੀਮਪੁਰ ਖੀਰੀ ਵਿਚ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਗ੍ਰਹਿ ਰਾਜ ਮੰਤਰੀ ਟੇਨੀ ਦੇ ਬੇਟੇ ਦੀ ਗੱਡੀ ਨੇ ਕੁਚਲਿਆ। 3 ਕਿਸਾਨਾਂ ਦੀ ਮੌਤ ਹੋ ਗਈ ਹੈ। ਤੇਜਿੰਦਰ ਸਿੰਘ ਵਿਰਕ ਦੇ ਵੀ ਜ਼ਖਮੀ ਹੋਣ ਦੀ ਸੂਚਨਾ ਹੈ। ਰਾਕੇਸ਼ ਟਿਕੈਤ ਵੀ ਗਾਜ਼ੀਪੁਰ ਤੋਂ ਨਿਕਲ ਚੁੱਕੇ ਹਨ।
ਅਖਿਲੇਸ਼ ਯਾਦਵ ਨੇ ਵਿੰਨ੍ਹਿਆ ਨਿਸ਼ਾਨਾ
ਇਸ ਮਾਮਲੇ ਵਿਚ ਯੂਪੀ ਦੇ ਸਾਬਕਾ ਮੁੱਖ ਮੰਤਰੀ ਤੇ ਸਪਾ ਮੁਖੀ ਅਖਿਲੇਸ਼ ਯਾਦਵ ਨੇ ਟਵੀਟ ਕਰਕੇ ਲਿਖਿਆ ਹੈ ਕਿ ਖੇਤੀ ਕਾਨੂੰਨਾਂ ਦਾ ਸ਼ਾਂਤੀਪੂਰਨ ਤਰੀਕੇ ਨਾਲ ਵਿਰੋਧ ਕਰ ਰਹੇ ਕਿਸਾਨਾਂ ਨੂੰ ਭਾਜਪਾ ਸਰਕਾਰ ਦੇ ਗ੍ਰਹਿ ਰਾਜ ਮੰਤਰੀ ਦੇ ਬੇਟੇ ਵਲੋਂ ਗੱਡੀ ਨਾਲ ਦਰੜਿਆ ਜਾਣਾ ਗੈਰ-ਮਨੁੱਖੀ ਤੇ ਕਰੂਰ ਕਾਰਾ ਹੈ। ਉੱਤਰ ਪ੍ਰਦੇਸ਼ ਦੰਭੀ ਭਾਜਪਾਈਆਂ ਦਾ ਜ਼ੁਲਮ ਹੁਣ ਹੋਰ ਨਹੀਂ ਸਹੇਗਾ। ਇਹੀ ਹਾਲ ਰਿਹਾ ਤਾਂ ਉੱਤਰ ਪ੍ਰਦੇਸ਼ ਵਿਚ ਭਾਜਪਾਈ ਨਾ ਗੱਡੀ ਰਾਂਹੀ ਚੱਲ ਪਾਉਣਗੇ ਤੇ ਨਾ ਉਤਰ ਸਕਣਗੇ।



