ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਮਹਾਮਾਰੀ ਕੋਰੋਨਾ ਵਾਇਰਸ ਦਾ ਪ੍ਰਕੋਪ ਇਸ ਸਮੇਂ ਸੱਭ ਜਿਆਦਾ ਅਮਰੀਕਾ ਵਿਚ ਵੇਖਣ ਨੂੰ ਮਿਲ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਇੱਥੇ 2200 ਤੋਂ ਵੀ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਕੁੱਲ ਮਰਨ ਵਾਲਿਆਂ ਦਾ ਅੰਕੜਾ 25 ਹਜ਼ਾਰ ਤੋਂ ਪਾਰ ਹੋ ਗਿਆ ਹੈ ਪਰ ਇਸ ਵਿਚਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ਵ ਸਿਹਤ ਸੰਗਠਨ(WHO) ਉੱਤੇ ਕੋਰੋਨਾ ਦੀ ਗੰਭੀਰਤਾ ਨੂੰ ਛਿਪਾਉਣ ਦਾ ਆਰੋਪ ਲਗਾਉਂਦੇ ਹੋਏ ਉਸ ਨੂੰ ਦਿੱਤੀ ਜਾਣ ਵਾਲੀ ਫੰਡਿਗ ਉੱਤੇ ਰੋਕ ਲਗਾ ਦਿੱਤੀ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਰਾਸ਼ਟਰਪਤੀ ਟਰੰਪ ਨੇ ਵਾਇਟ ਹਾਊਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ”ਅੱਜ ਮੈਂ ਆਪਣੇ ਪ੍ਰਸ਼ਾਸਨ ਨੂੰ WHO ਦੀ ਫੰਡਿਗ ਰੋਕਣ ਦਾ ਹੁਕਮ ਦੇ ਰਿਹਾ ਹਾਂ ਇਸ ਦੇ ਨਾਲ ਹੀ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਛਿਪਾਉਣ ਅਤੇ ਗੰਭੀਰ ਕੁਸ਼ਾਸਨ ਨੂੰ ਲੁਕਾਉਣ ਵਿਚ ਸੰਸਥਾਂ ਦੀ ਭੂਮਿਕਾ ਦੀ ਸਮੀਖਿਆ ਕੀਤੀ ਜਾ ਰਹੀ ਹੈ”। ਟਰੰਪ ਨੇ ਵਿਸ਼ਵ ਸਿਹਤ ਸੰਗਠਨ ਉੱਤੇ ਚੀਨ ਦੀ ਜਿਆਦਾ ਤਰਫਦਾਰੀ ਕਰਨ ਦਾ ਆਰੋਪ ਲਗਾਇਆ ਹੈ। ਟਰੰਪ ਮੁਤਾਬਕ ਅਮਰੀਕਾ ਦੇ ਟੈਕਸ ਪੇਅਰ ਸਾਲਾਨ 400 ਡਾਲਰ ਤੋਂ 500 ਮਿਲੀਅਨ (ਲਗਭਗ 30 ਤੋਂ 38 ਅਰਬ) ਦੀ ਰਾਸ਼ੀ WHO ਨੂੰ ਦਿੰਦੇ ਹਨ ਜਦਕਿ ਚੀਨ ਲਗਭਗ ਸਲਾਨਾ 40 ਮਿਲੀਅਨ (ਲਗਭਗ ਤਿੰਨ ਅਰਬ) ਵਿਸ਼ਵ ਸਿਹਤ ਸੰਗਠਨ ਨੂੰ ਦਿੰਦਾ ਹੈ। ਟਰੰਪ ਨੇ ਇਹ ਵੀ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਨੂੰ ਦਿੱਤੇ ਜਾਣ ਵਾਲੇ ਪੈਸੇ ਦਾ ਕੀ ਕੀਤਾ ਜਾਵੇਗਾ ਇਸ ਉੱਤੇ ਅਜੇ ਵਿਚਾਰ ਕੀਤਾ ਜਾ ਰਿਹਾ ਹੈ। ਉੱਥੇ ਹੀ ਅਮਰੀਕੀ ਰਾਸ਼ਟਰਪਤੀ ਦੇ ਇਸ ਫ਼ੈਸਲੇ ਉੱਤੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟੇਰੇਸ ਨੇ ਕਿਹਾ ਹੈ ਕਿ ਵਿਸ਼ਵ ਸਿਹਤ ਸੰਗਠਨ ਦਾ ਫੰਡ ਰੋਕਣ ਲਈ ਇਹ ਸਮਾਂ ਠੀਕ ਨਹੀਂ ਹੈ ਬਲਕਿ ਅਜਿਹਾ ਸਮਾਂ ਕੋਰੋਨਾ ਦੇ ਕਹਿਰ ਨੂੰ ਰੋਕਣ ਲਈ ਅੰਤਰਰਾਸ਼ਟਰੀ ਭਾਈਚਾਰੇ ਦੇ ਇਕਮੁੱਠ ਹੋਣ ਦਾ ਹੈ।

