ਵਾਸ਼ਿੰਗਟਨ : ਅਮਰੀਕਾ ਅਤੇ ਈਰਾਨ ਵਿਚਾਲੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਚੱਲ ਰਹੀ ਕੂਟਨੀਤਕ ਗੱਲਬਾਤ ਵਿੱਚ ਖੜੋਤ ਆਉਂਦੀ ਨਜ਼ਰ ਆ ਰਹੀ ਹੈ। ਅਮਰੀਕੀ ਉਪ-ਰਾਸ਼ਟਰਪਤੀ ਜੇਡੀ ਵੈਂਸ ਨੇ ਸਪੱਸ਼ਟ ਕੀਤਾ ਹੈ ਕਿ ਈਰਾਨ ਅਜੇ ਵੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਵੱਲੋਂ ਤੈਅ ਕੀਤੀਆਂ ਮੁੱਖ ਸ਼ਰਤਾਂ ਨੂੰ ਮੰਨਣ ਲਈ ਸਹਿਮਤ ਨਹੀਂ ਹੋਇਆ ਹੈ। ਜਨੇਵਾ ਵਿੱਚ ਹੋਈ ਦੂਜੇ ਦੌਰ ਦੀ ਬੈਠਕ ਬਿਨਾਂ ਕਿਸੇ ਨਤੀਜੇ ਦੇ ਖ਼ਤਮ ਹੋ ਗਈ ਹੈ।
ਸਹਿਮਤੀ ‘ਤੇ ਪਿਆ ਪੇਚ
ਜਨੇਵਾ ਵਿੱਚ ਹੋਈ ਤਿੰਨ ਘੰਟੇ ਦੀ ਬੈਠਕ ਬਾਰੇ ਜਾਣਕਾਰੀ ਦਿੰਦਿਆਂ ਜੇਡੀ ਵੈਂਸ ਨੇ ਕਿਹਾ ਕਿ ਗੱਲਬਾਤ ‘ਕੁਝ ਹੱਦ ਤੱਕ ਠੀਕ’ ਰਹੀ ਕਿਉਂਕਿ ਦੋਵੇਂ ਦੇਸ਼ ਅੱਗੇ ਵੀ ਮੁਲਾਕਾਤਾਂ ਜਾਰੀ ਰੱਖਣ ਲਈ ਸਹਿਮਤ ਹੋਏ ਹਨ। ਹਾਲਾਂਕਿ, ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਰਾਸ਼ਟਰਪਤੀ ਟ੍ਰੰਪ ਨੇ ਪ੍ਰਮਾਣੂ ਪ੍ਰੋਗਰਾਮ ‘ਤੇ ਰੋਕ ਲਗਾਉਣ ਲਈ ਜੋ ਸਪੱਸ਼ਟ ਸ਼ਰਤਾਂ ਰੱਖੀਆਂ ਹਨ, ਈਰਾਨ ਉਨ੍ਹਾਂ ‘ਤੇ ਖੁੱਲ੍ਹ ਕੇ ਗੱਲ ਕਰਨ ਤੋਂ ਬਚ ਰਿਹਾ ਹੈ।
ਰਾਸ਼ਟਰਪਤੀ ਲੈਣਗੇ ਸਖ਼ਤ ਫੈਸਲਾ
ਅਮਰੀਕੀ ਪ੍ਰਸ਼ਾਸਨ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਮਾਮਲੇ ਦਾ ਹੱਲ ਗੱਲਬਾਤ ਰਾਹੀਂ ਚਾਹੁੰਦੇ ਹਨ, ਪਰ ਇਸ ਦੀ ਇੱਕ ਸੀਮਾ ਹੈ। ਵੈਂਸ ਨੇ ਕਿਹਾ, “ਅਸੀਂ ਚਾਹੁੰਦੇ ਹਾਂ ਕਿ ਮਸਲਾ ਕੂਟਨੀਤੀ ਨਾਲ ਸੁਲਝੇ, ਪਰ ਜੇਕਰ ਗੱਲਬਾਤ ਬੇਸਿੱਟਾ ਰਹਿੰਦੀ ਹੈ ਅਤੇ ਕੂਟਨੀਤੀ ਦੀ ਸੀਮਾ ਖ਼ਤਮ ਹੋ ਜਾਂਦੀ ਹੈ, ਤਾਂ ਅਗਲਾ ਸਖ਼ਤ ਫੈਸਲਾ ਰਾਸ਼ਟਰਪਤੀ ਟ੍ਰੰਪ ਖ਼ੁਦ ਲੈਣਗੇ।”
ਪੱਛਮੀ ਏਸ਼ੀਆ ‘ਚ ਵਧਿਆ ਤਣਾਅ
ਇਹ ਗੱਲਬਾਤ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਅਮਰੀਕਾ ਨੇ ਪੱਛਮੀ ਏਸ਼ੀਆ ਵਿੱਚ ਆਪਣੀ ਫੌਜੀ ਮੌਜੂਦਗੀ ਵਧਾ ਦਿੱਤੀ ਹੈ। ਈਰਾਨ ਦੇ ਸਰਕਾਰੀ ਮੀਡੀਆ ਮੁਤਾਬਕ ਪ੍ਰਮਾਣੂ ਮੁੱਦੇ ‘ਤੇ ਦੋਵਾਂ ਦੇਸ਼ਾਂ ਵਿਚਾਲੇ ਇਹ ਦੂਜੀ ਮੁਲਾਕਾਤ ਸੀ, ਪਰ ਕੋਈ ਵੱਡਾ ਸਮਝੌਤਾ ਸਿਰੇ ਨਹੀਂ ਚੜ੍ਹ ਸਕਿਆ। ਈਰਾਨ ਲਗਾਤਾਰ ਆਪਣੇ ਸੁਰੱਖਿਆ ਹਿੱਤਾਂ ਦਾ ਹਵਾਲਾ ਦੇ ਰਿਹਾ ਹੈ, ਜਦਕਿ ਅਮਰੀਕਾ ਈਰਾਨ ਦੀਆਂ ਪ੍ਰਮਾਣੂ ਗਤੀਵਿਧੀਆਂ ‘ਤੇ ਪੂਰਨ ਪਾਬੰਦੀ ਲਗਾਉਣ ਦੀ ਜ਼ਿੱਦ ‘ਤੇ ਅੜਿਆ ਹੋਇਆ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



