ਨਾਭਾ: ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਹੀ ਨਾਭਾ ਨਗਰ ਕੌਂਸਲ ਦਾ ਦਫ਼ਤਰ ਰਾਜਨੀਤਿਕ ਅਖਾੜਾ ਬਣਦਾ ਨਜ਼ਰ ਆ ਰਿਹਾ ਹੈ। ਅੱਜ ਉਸ ਸਮੇਂ ਹਾਲਾਤ ਤਣਾਅਪੂਰਨ ਹੋ ਗਏ ਜਦੋਂ ਵੋਟਰ ਸੂਚੀ ਦੀ ਕਟਾਈ ਦੌਰਾਨ ‘ਆਪ’ ਕੌਂਸਲਰ ਮਨਿੰਦਰ ਸਿੰਘ ਸਨੀ ਅਤੇ ਭਾਜਪਾ ਦੀ ਪੰਜਾਬ ਮੀਤ ਪ੍ਰਧਾਨ ਰੀਨਾ ਬਾਂਸਲ ਦੇ ਪਰਿਵਾਰ ਵਿਚਕਾਰ ਤਿੱਖੀ ਬਹਿਸਬਾਜ਼ੀ ਹੋ ਗਈ। ਮਾਮਲਾ ਇੰਨਾ ਭਖ ਗਿਆ ਕਿ ਭਾਜਪਾ ਆਗੂਆਂ ਨੇ ‘ਆਪ’ ਕੌਂਸਲਰ ‘ਤੇ ਹਮਲਾ ਕਰਨ ਦੇ ਗੰਭੀਰ ਦੋਸ਼ ਲਗਾਏ ਹਨ।
ਭਾਜਪਾ ਆਗੂਆਂ ਦੇ ਗੰਭੀਰ ਇਲਜ਼ਾਮ
ਭਾਜਪਾ ਦੀ ਪੰਜਾਬ ਮੀਤ ਪ੍ਰਧਾਨ ਰੀਨਾ ਬਾਂਸਲ, ਉਨ੍ਹਾਂ ਦੇ ਪਤੀ ਹੇਮੰਤ ਬਾਂਸਲ ਅਤੇ ਭਾਜਪਾ ਵਪਾਰ ਵਿੰਗ ਦੇ ਆਗੂ ਰਾਜੇਸ਼ ਬਾਂਸਲ ਬੱਬੂ ਨੇ ਦੋਸ਼ ਲਾਇਆ ਕਿ ਉਹ ਵੋਟਰ ਸੂਚੀ ਸਬੰਧੀ ਇਤਰਾਜ਼ ਦਰਜ ਕਰਵਾਉਣ ਲਈ ਨਗਰ ਕੌਂਸਲ ਦਫ਼ਤਰ ਗਏ ਸਨ। ਇਸ ਦੌਰਾਨ ਵਾਰਡ ਨੰਬਰ 18 ਦੇ ‘ਆਪ’ ਕੌਂਸਲਰ ਮਨਿੰਦਰ ਸਿੰਘ ਸਨੀ ਨੇ ਉਨ੍ਹਾਂ ‘ਤੇ ਅਤੇ ਉਨ੍ਹਾਂ ਦੇ ਬੱਚੇ ‘ਤੇ ਹਮਲਾ ਕਰ ਦਿੱਤਾ। ਭਾਜਪਾ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਨਗਰ ਕੌਂਸਲ ਚੋਣਾਂ ਵਿੱਚ ‘ਆਪ’ ਦੀ ਅਜਿਹੀ ਧੱਕੇਸ਼ਾਹੀ ਜਾਰੀ ਰਹੀ ਤਾਂ ਇਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਥਾਣਾ ਕੋਤਵਾਲੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
‘ਆਪ’ ਕੌਂਸਲਰ ਅਤੇ ਪ੍ਰਸ਼ਾਸਨ ਦਾ ਪੱਖ
ਦੂਜੇ ਪਾਸੇ, ‘ਆਪ’ ਕੌਂਸਲਰ ਮਨਿੰਦਰ ਸਿੰਘ ਸਨੀ ਨੇ ਆਪਣੇ ਉੱਪਰ ਲੱਗੇ ਹਮਲੇ ਦੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉੱਥੇ ਸਿਰਫ਼ ਬਹਿਸਬਾਜ਼ੀ ਹੋਈ ਸੀ, ਕੋਈ ਹਮਲਾ ਨਹੀਂ ਹੋਇਆ। ਇਸੇ ਦੌਰਾਨ ਨਗਰ ਕੌਂਸਲ ਦੇ ਸੁਪਰਡੈਂਟ ਨੇ ਦਫ਼ਤਰ ਅੰਦਰ ਹੋਈ ਬਹਿਸਬਾਜ਼ੀ ਦੀ ਪੁਸ਼ਟੀ ਕੀਤੀ ਹੈ ਅਤੇ ਭਰੋਸਾ ਦਿੱਤਾ ਹੈ ਕਿ ਇਸ ਮਸਲੇ ਨੂੰ ਜਲਦ ਸੁਲਝਾ ਲਿਆ ਜਾਵੇਗਾ।
ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ
ਥਾਣਾ ਕੋਤਵਾਲੀ ਦੇ ਜਾਂਚ ਅਧਿਕਾਰੀ ਚਮਕੌਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰੀਨਾ ਬਾਂਸਲ ਵੱਲੋਂ ਕੌਂਸਲਰ ਮਨਿੰਦਰ ਸਨੀ ਦੇ ਖਿਲਾਫ ਲਿਖਤੀ ਸ਼ਿਕਾਇਤ ਮਿਲੀ ਹੈ। ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।


