ਅੰਮ੍ਰਿਤਸਰ: ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦਾ ਰਹਿਣ ਵਾਲਾ ਨੌਜਵਾਨ ਵਨੀਤ ਇਨੀਂ ਦਿਨੀਂ ਸਾਈਕਲ ‘ਤੇ ਸਵਾਰ ਹੋ ਕੇ ਦੇਸ਼ ਦੇ ਵੱਖ-ਵੱਖ ਰਾਜਾਂ ਦਾ ਦੌਰਾ ਕਰ ਰਿਹਾ ਹੈ। ਵਨੀਤ ਦੀ ਇਸ ਯਾਤਰਾ ਦਾ ਮੁੱਖ ਮਕਸਦ ਸਮਾਜ ਵਿੱਚ ਵਧ ਰਹੇ ਨਸ਼ਿਆਂ ਨੂੰ ਖਤਮ ਕਰਨਾ, ਔਰਤਾਂ ਵਿਰੁੱਧ ਹੁੰਦੇ ਅਪਰਾਧਾਂ ਨੂੰ ਰੋਕਣਾ ਅਤੇ ਲੋਕਾਂ ਵਿੱਚ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦੇਣਾ ਹੈ।
ਤਮਿਲਨਾਡੂ ਤੋਂ ਪੰਜਾਬ ਤੱਕ ਦਾ ਸਫ਼ਰ
ਵਨੀਤ ਹੁਣ ਤੱਕ ਤਮਿਲਨਾਡੂ ਅਤੇ ਰਾਜਸਥਾਨ ਸਮੇਤ ਦਰਜਨਾਂ ਰਾਜਾਂ ਦੀ ਯਾਤਰਾ ਕਰ ਚੁੱਕਾ ਹੈ ਅਤੇ ਪਿਛਲੇ ਕੁਝ ਦਿਨਾਂ ਤੋਂ ਉਹ ਪੰਜਾਬ ਦੀ ਧਰਤੀ ‘ਤੇ ਹੈ। ਪੰਜਾਬ ਪਹੁੰਚਣ ‘ਤੇ ਸਭ ਤੋਂ ਪਹਿਲਾਂ ਉਸ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਉਸ ਦੇ ਸਾਈਕਲ ‘ਤੇ ‘ਪ੍ਰੇਅ ਫਾਰ ਪੰਜਾਬ’ (Pray For Punjab) ਅਤੇ ਮਨੀਸ਼ਾ ਹੱਤਿਆਕਾਂਡ ਦੇ ਇਨਸਾਫ਼ ਲਈ ਤਖ਼ਤੀਆਂ ਲੱਗੀਆਂ ਹੋਈਆਂ ਹਨ, ਜੋ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਹਨ।
ਪੰਜਾਬ ਦੀ ਮਹਿਮਾਨਨਿਵਾਜ਼ੀ ਦੇ ਹੋਏ ਕਾਇਲ
ਆਪਣੇ ਤਜ਼ਰਬੇ ਸਾਂਝੇ ਕਰਦਿਆਂ ਵਨੀਤ ਨੇ ਦੱਸਿਆ ਕਿ ਉਹ ਮਹਿਜ਼ 400 ਰੁਪਏ ਲੈ ਕੇ ਪੰਜਾਬ ਦੀ ਯਾਤਰਾ ‘ਤੇ ਨਿਕਲਿਆ ਸੀ, ਪਰ ਪੰਜਾਬੀਆਂ ਦੇ ਖੁੱਲ੍ਹੇ ਦਿਲ ਅਤੇ ਸੇਵਾ ਭਾਵਨਾ ਕਾਰਨ ਉਸਦਾ ਇੱਕ ਪੈਸਾ ਵੀ ਖਰਚ ਨਹੀਂ ਹੋਇਆ। ਉਸ ਨੇ ਦੱਸਿਆ ਕਿ ਪਿਛਲੇ ਤਿੰਨ ਹਫ਼ਤਿਆਂ ਤੋਂ ਉਹ ਥਾਂ-ਥਾਂ ਲੱਗੇ ਲੰਗਰ ਛਕ ਰਿਹਾ ਹੈ ਅਤੇ ਗੁਰਦੁਆਰਾ ਸਾਹਿਬਾਨ ਵਿੱਚ ਉਸਦੇ ਰਹਿਣ ਦਾ ਸ਼ਾਨਦਾਰ ਪ੍ਰਬੰਧ ਕੀਤਾ ਜਾਂਦਾ ਹੈ। ਉਸਨੇ ਪੰਜਾਬ ਦੇ ਲੋਕਾਂ ਵੱਲੋਂ ਹੜ੍ਹ ਪੀੜਤਾਂ ਦੀ ਕੀਤੀ ਮਦਦ ਦੀ ਵੀ ਸ਼ਲਾਘਾ ਕੀਤੀ ਅਤੇ ਹੋਰਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਲੋੜਵੰਦਾਂ ਦੀ ਬਾਂਹ ਫੜਨ।
ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਕਰਨਗੇ ਮੁਲਾਕਾਤ
ਵਨੀਤ ਨੇ ਕਿਹਾ ਕਿ ਉਹ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਬਹੁਤ ਵੱਡਾ ਪ੍ਰਸ਼ੰਸਕ ਹੈ ਅਤੇ ਦੇਸ਼ ਦੇ ਹਰ ਕੋਨੇ ਵਿੱਚ ਲੋਕ ਅੱਜ ਵੀ ਉਸ ਨੂੰ ਯਾਦ ਕਰਦੇ ਹਨ। ਉਸ ਨੇ ਆਪਣੀ ਯਾਤਰਾ ਦੌਰਾਨ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਇਨਸਾਫ਼ ਦੀ ਆਵਾਜ਼ ਬੁਲੰਦ ਕੀਤੀ ਹੈ। ਵਨੀਤ ਨੇ ਦੱਸਿਆ ਕਿ ਉਹ ਜਲਦ ਹੀ ਮੂਸੇਵਾਲਾ ਦੇ ਪਿੰਡ ਮੂਸਾ ਜਾ ਕੇ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਵੀ ਕਰੇਗਾ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ : https://livingindianews.co.in/firing-second-firing-at-immigration-center-in-24-hours-shots-fired-when-ransom-not-paid/
ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ



