ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਯੂਪੀ ਦੇ ਕਾਨਪੁਰ ਵਿਚ ਅੱਠ ਪੁਲਿਸ ਵਾਲਿਆਂ ਦੀ ਜਾਨ ਲੈਣ ਵਾਲਾ ਗੈਂਗਸਟਰ ਵਿਕਾਸ ਦੁਬੇ ਅਤੇ ਉਸਦੇ ਸਾਥੀ ਅਜੇ ਤੱਕ ਫਰਾਰ ਚੱਲ ਰਹੇ ਹਨ ਜਿਨ੍ਹਾਂ ਨੂੰ ਲੱਭਣ ਲਈ ਲਈ ਯੂਪੀ ਪੁਲਿਸ ਦੀਆਂ ਟੀਮਾਂ ਰਾਜਧਾਨੀ ਲਖਨਊ ਤੋਂ ਲੈ ਕੇ ਕਾਨਪੁਰ ਦੇ ਚੱਪੇ-ਚੱਪੇ ਨੂੰ ਛਾਨ ਰਹੀਆਂ ਹਨ। ਪੂਰੀ ਰਾਤ ਯੂਪੀ ਪੁਲਿਸ ਨੇ ਵਿਕਾਸ ਦੁਬੇ ਦੇ ਰਿਸ਼ਤੇਦਾਰਾਂ ਅਤੇ ਕਰੀਬੀਆਂ ਦੇ ਘਰੇ ਛਾਪੇਮਾਰੀ ਕੀਤੀ ਹੈ। ਉੱਥੇ ਹੀ ਵਿਕਾਸ ਦੇ ਨੇਪਾਲ ਭੱਜਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਪੁਲਿਸ ਨੇ ਕਾਨਪੁਰ ਸ਼ੂਟਆਊਟ ਮਾਮਲੇ ਵਿਚ ਇਕ ਦਰਜਨ ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਇਨ੍ਹਾਂ ਦੀ ਗਿਰਫਤਾਰੀ ਮੋਬਾਇਲ ਕਾਲ ਡਿਟੇਲ ਦੇ ਆਧਾਰ ਉੱਤੇ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਹਿਰਾਸਤ ਵਿਚ ਲਏ ਗਏ ਲੋਕਾਂ ਨੇ ਇਸ ਘਟਨਾ ਤੋਂ 24 ਘੰਟੇ ਪਹਿਲਾਂ ਵਿਕਾਸ ਦੁਬੇ ਨਾਲ ਫੋਨ ਉੱਤੇ ਗੱਲਬਾਤ ਕੀਤੀ ਸੀ। ਜਾਣਕਾਰੀ ਇਹ ਵੀ ਮਿਲੀ ਹੈ ਕਿ ਵਿਕਾਸ ਦੀ ਕਾਲ ਡਿਟੇਲ ਵਿਚ ਕੁੱਝ ਪੁਲਿਸਕਰਮੀਆਂ ਦੇ ਨੰਬਰ ਵੀ ਹਨ ਜੋ ਕਿ ਚੌਬੇਪੁਰ ਥਾਣੇ ਦਾ ਇਕ ਪੁਲਿਸ ਅਧਿਕਾਰੀ, ਇਕ ਹੋਮਗਾਰਡ ਅਤੇ ਇਕ ਮੁਲਾਜ਼ਮ ਹੈ। ਇਨ੍ਹਾਂ ਉੱਤੇ ਸ਼ੱਕ ਹੈ ਕਿ ਪੁਲਿਸ ਦੇ ਆਉਣ ਦੀ ਜਾਣਕਾਰੀ ਇਨ੍ਹਾਂ ਨੇ ਹੀ ਵਿਕਾਸ ਨੂੰ ਦਿੱਤੀ ਹੋ ਸਕਦੀ ਹੈ ਜਿਸ ਕਰਕੇ ਪੁਲਿਸ ਇਨ੍ਹਾਂ ਤਿੰਨਾਂ ਤੋਂ ਵੀ ਪੁੱਛਗਿੱਥ ਕਰ ਰਹੀ ਹੈ। ਇਸ ਤੋਂ ਇਲਾਵਾ ਨੇਪਾਲ ਨਾਲ ਲੱਗਦੇ ਲਖੀਮਪੁਰੀ ਜਿਲ੍ਹੇ ਦੇ ਬਾਰਡਰ ਉੱਤੇ ਵੀ ਪੁਲਿਸ ਅਲਰਟ ਉੱਤੇ ਹੈ ਅਤੇ ਵਿਕਾਸ ਦੁਬੇ ਦੇ ਸਟੀਕਰ ਥਾਂ-ਥਾ ਚਿਪਕਾ ਦਿੱਤੇ ਗਏ ਹਨ। ਉੱਥੇ ਹੀ ਇਸ ਅਨਕਾਊਂਟਰ ਵਿਚ ਜਾਨ ਗਵਾਉਣ ਵਾਲੇ 8 ਪੁਲਿਸਕਰਮੀਆਂ ਨੂੰ ਯੋਗੀ ਅਦਿਤਿਆਨਾਥ ਨੇ ਸ਼ਰਧਾਂਜ਼ਲੀ ਦਿੱਤੀ ਹੈ ਅਤੇ ਸ਼ਹੀਦਾਂ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ, ਅਸਧਾਰਣ ਪੈਨਸ਼ਨ ਅਤੇ ਇਕ ਕਰੋੜ ਰੁਪਏ ਦੇ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
ਮਾਂ ਨੇ ਕਿਹਾ ਵਿਕਾਸ ਨੂੰ ਐਨਕਾਊਂਟਰ ‘ਚ ਮਾਰ ਦਿਓ
ਵਿਕਾਸ ਦੁਬੇ ਦੀ ਮਾਂ ਨੇ ਆਪਣੇ ਬੇਟੇ ਨੂੰ ਐਨਕਾਊਂਟਰ ਵਿਚ ਮਾਰਨ ਲਈ ਕਿਹਾ ਹੈ। ਰਿਪੋਰਟਾਂ ਮੁਤਾਬਕ ਵਿਕਾਸ ਦੁਬੇ ਦੀ ਮਾਂ ਨੇ ਕਿਹਾ ਕਿ ਉਸਦੇ ਬੇਟੇ ਨੇ ਪੁਲਿਸ ਦੇ ਜਵਾਨਾਂ ਉੱਤੇ ਹਮਲਾ ਕਰਕੇ ਬਹੁਤ ਬੁਰਾ ਕੀਤਾ ਹੈ ਇਸ ਲਈ ਜੇਕਰ ਉਹ ਆਤਮ-ਸਮੱਰਪਣ ਕਰਦਾ ਹੈ ਤਾਂ ਠੀਕ ਹੈ ਨਹੀਂ ਪੁਲਿਸ ਉਸਨੂੰ ਐਨਕਾਊਂਟਰ ਵਿਚ ਮਾਰ ਦੇਵੇ।
ਦੱਸ ਦਈਏ ਕਿ ਵੀਰਵਾਰ ਰਾਤ ਨੂੰ ਕਾਨਪੁਰ ਦੇਹਾਤ ਦੇ ਚੌਬੇਪੂਰ ਥਾਣਾ ਇਲਾਕੇ ਅਧੀਨ ਪੈਂਦੇ ਬਿਕਰੂ ਪਿੰਡ ਵਿਚ ਰੇਡ ਕਰਨ ਗਈ ਪੁਲਿਸ ਉੱਤੇ ਵਿਕਾਸ ਦੁਬੇ ਅਤੇ ਉਸਦੇ ਸਾਥੀਆਂ ਨੇ ਫਾਇਰਿੰਗ ਕਰ ਦਿੱਤੀ ਸੀ ਜਿਸ ਦੌਰਾਨ ਇਕ ਡੀਐਸਪੀ ਸਮੇਤ 8 ਪੁਲਿਸਕਰਮੀ ਸ਼ਹੀਦ ਹੋ ਗਏ ਸਨ।ਉੱਥੇ ਹੀ ਇਸ ਪੂਰੀ ਕਾਰਵਾਈ ਵਿਚ ਪੁਲਿਸ ਨੇ ਵਿਕਾਸ ਦੁਬੇ ਦੇ ਮਾਮਾ ਪ੍ਰੇਮ ਪ੍ਰਕਾਸ਼ ਪਾਂਡੇ ਅਤੇ ਉਸ ਦੇ ਸਾਥੀ ਅਤੁਲ ਦੁਬੇ ਨੂੰ ਢੇਰ ਕਰ ਦਿੱਤਾ ਸੀ ਜਦਕਿ ਵਿਕਾਸ ਦੁਬੇ ਦੀ ਤਲਾਸ਼ ਤੇਜ਼ ਕਰ ਦਿੱਤੀ ਗਈ ਹੈ।

