History Of Patiala: ਪਟਿਆਲਾ ਚੜ੍ਹਦੇ ਪੰਜਾਬ ਦਾ ਮੁੱਖ ਸ਼ਹਿਰ ਹੈ। ਇਹ ਸਾਬਕਾ ਰਿਆਸਤ ਅਤੇ ਜ਼ਿਲ੍ਹੇ ਦਾ ਪ੍ਰਸ਼ਾਸਨਿਕ ਕੇਂਦਰ ਹੈ। ਇਹ ਪੰਜਾਬ ਦਾ ਚੌਥਾ ਵੱਡਾ ਸ਼ਹਿਰ ਹੈ ਅਤੇ ਪੰਜਾਬ ਦੀ ਵਾਗਡੋਰ ਸੰਭਾਲਣ ਦਾ ਮਾਣ ਵੀ ਇਸ ਸ਼ਹਿਰ ਨੂੰ ਕਈ ਵਾਰ ਪ੍ਰਾਪਤ ਹੋਇਆ ਹੈ। ਦੱਸ ਦੇਈਏ ਕਿ ਇਹ ਸ਼ਹਿਰ ਬਾਬਾ ਆਲਾ ਸਿੰਘ ਨੇ 1763 ਵਿੱਚ ਵਸਾਇਆ ਸੀ, ਜਿੱਥੋਂ ਇਸਦਾ ਨਾਂਅ ਆਲਾ ਸਿੰਘ ਦੀ ਪੱਟੀ ਅਤੇ ਮਗਰੋਂ ਪੱਟੀਆਲਾ ਅਤੇ ਫੇਰ ਪਟਿਆਲਾ ਪੈ ਗਿਆ। ਪਟਿਆਲਾ ਜ਼ਿਲ੍ਹੇ ਦੀਆਂ ਸੀਮਾਵਾਂ ਉੱਤਰ ਵਿੱਚ ਫਤਹਿਗੜ੍ਹ, ਰੂਪਨਗਰ ਅਤੇ ਚੰਡੀਗੜ੍ਹ ਨਾਲ, ਪੱਛਮ ਵਿੱਚ ਸੰਗਰੂਰ ਜ਼ਿਲ੍ਹੇ ਨਾਲ, ਪੂਰਬ ਵਿੱਚ ਅੰਬਾਲਾ ਅਤੇ ਕੁਰੂਕਸ਼ੇਤਰ ਨਾਲ ਅਤੇ ਦੱਖਣ ਵਿੱਚ ਕੈਥਲ ਨਾਲ ਲੱਗਦੀਆਂ ਹਨ।
ਦੱਸ ਦੇਈਏ ਕਿ ਇਹ ਸਥਾਨ ਸਿੱਖਿਆ ਦੇ ਖੇਤਰ ਵਿੱਚ ਵੀ ਆਗੂ ਰਿਹਾ ਹੈ। ਦੇਸ਼ ਦਾ ਪਹਿਲਾ ਡਿਗਰੀ ਕਾਲਜ ਮਹਿੰਦਰਾ ਕਾਲਜ ਦੀ ਸਥਾਪਨਾ 1870 ਵਿੱਚ ਪਟਿਆਲਾ ਵਿੱਚ ਹੀ ਹੋਈ ਸੀ। ਇਹ ਸ਼ਹਿਰ ਰਵਾਇਤੀ ਪੱਗ, ਪਰਾਂਦੇ, ਨਾਲੇ, ਪਟਿਆਲਾ ਸ਼ਾਹੀ ਸਲਵਾਰ, ਪੰਜਾਬੀ ਜੁੱਤੀ ਅਤੇ ਪਟਿਆਲਾ ਪੈੱਗ ਲਈ ਪ੍ਰਸਿੱਧ ਹੈ। ਪਟਿਆਲਾ ਜ਼ਿਲ੍ਹਾ ਦੇ ਸਦਰ ਮੁਕਾਮ ਵਜੋਂ ਜਾਣੇ ਜਾਂਦੇ ਪਟਿਆਲਾ ਨਗਰ ਦਾ ਆਪਣਾ ਹੀ ਇਤਿਹਾਸ ਅਤੇ ਸੱਭਿਆਚਾਰ ਹੈ।
ਪਟਿਆਲਾ ਰਿਆਸਤ ਦੀ ਸ਼ੁਰੂਆਤ ਪਟਿਆਲਾ ਰਿਆਸਤ ਦੇ ਮੋਢੀ ਮੋਹਨ ਸਿੰਘ ਨਾਲ ਹੁੰਦੀ ਹੈ। ਮੋਹਨ ਸਿੰਘ ਨੂੰ ਭੁੱਲਰ ਅਤੇ ਧਾਲੀਵਾਲ ਇੱਥੇ ਆਬਾਦ ਹੋਣ ਨਹੀਂ ਦੇ ਰਹੇ ਸਨ। ਮੋਹਨ ਸਿੰਘ ਗੁਰੂ ਹਰਗੋਬਿੰਦ ਜੀ ਦਾ ਸਰਧਾਲੂ ਸੀ ਅਤੇ ਗੁਰੂ ਜੀ ਦੇ ਕਹਿਣ ਉੱਤੇ ਵੀ ਮੋਹਨ ਸਿੰਘ ਦੇ ਵੈਰੀ ਨਾ ਮੰਨੇ। ਅੰਤ ਵਿੱਚ ਇੱਕ ਯੁੱਧ ਹੋਇਆ ਜਿਸ ਵਿੱਚ ਧਾਲੀਵਾਲਾਂ ਅਤੇ ਭੁੱਲਰਾਂ ਨੂੰ ਗੁਰੂ ਜੀ ਦੀਆਂ ਫ਼ੌਜਾਂ ਨੇ ਹਰਾਇਆ। ਇਸ ਤਰ੍ਹਾਂ 1763 ਵਿੱਚ ਮੇਹਰਾਜ ਨਾਂ ਦੇ ਪਿੰਡ ਦੀ ਸਥਾਪਨਾ ਕੀਤੀ ਗਈ।
ਪਟਿਆਲਾ ਦਾ ਸਿੱਖਿਆ ਦਾ ਪੱਧਰ
1947 ਵਿੱਚ ਅਜ਼ਾਦੀ ਤੋਂ ਬਾਅਦ ਪਟਿਆਲਾ ਸਿੱਖਿਆ ਦਾ ਕੇਂਦਰ ਬਣ ਗਿਆ। ਇਥੇ ਬਹੁਤ ਸਾਰੇ ਸਕੂਲ, ਕਾਲਜ, ਯੂਨੀਵਰਸਿਟੀ ਅਤੇ ਹੋਰ ਸਿੱਖਿਆ ਕੇਂਦਰ ਹਨ। ਉੱਤਰੀ ਭਾਰਤ ਦਾ ਸਭ ਤੋਂ ਪੁਰਾਣਾ ਮਹਿੰਦਰਾ ਕਾਲਜ ਸੰਨ 1875 ਈਸਵੀ ਵਿੱਚ ਇੱਥੇ ਬਣਿਆ। ਯਾਦਵਿੰਦਰਾ ਪਬਲਿਕ ਸਕੂਲ, ਪੰਜਾਬੀ ਯੂਨੀਵਰਸਿਟੀ,ਥਾਪਰ ਯੂਨੀਵਰਸਿਟੀ,ਰਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ,ਜਰਨਲ ਸਿਵਦੇਵ ਸਿੰਘ ਦੀਵਾਨ ਗੁਰਬਚਨ ਸਿੰਘ ਖਾਲਸਾ ਕਾਲਜ,ਮਹਿੰਦਰਾ ਕਾਲਜ,ਮੁਲਤਾਨੀ ਮਲ ਮੋਦੀ ਕਾਲਜ,ਸਰਕਾਰੀ ਮੈਡੀਕਲ ਕਾਲਜ,ਸਰਕਾਰੀ ਕਾਲਜ ਲੜਕੀਆਂ,ਬਿਕਰਮ ਕਮਰਸ ਕਾਲਜ, ਨੇਤਾ ਜੀ ਸੁਭਾਸ ਨੈਸ਼ਨਲ ਸਪੋਰਟਸ ਅਥਾਰਟੀ ਮੋਜੂਦ ਹਨ। ਇਸ ਸ਼ਾਹੀ ਸ਼ਹਿਰ ਦੀ ਧਰਤੀ ‘ਤੇ ਕਾਲਜਾਂ ਅਤੇ ਯੂਨੀਵਰਸਿਟੀਆਂ ਦਾ ਕਾਇਮ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਇੱਥੋਂ ਦੇ ਰਹਿਣ ਵਾਲਿਆਂ ਵਿਚ ਵਿੱਦਿਆ ਪ੍ਰਾਪਤੀ ਦਾ ਬੇਹੱਦ ਸ਼ੌਕ ਹੈ। ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿਚ ਵੀ ਵਿੱਦਿਆ ਦੇ ਖੇਤਰ ਵਿਚ ਪਟਿਆਲਾ ਮੋਹਰੀ ਰਿਹਾ ਹੈ। ਸਰਕਾਰੀ ਮਹਿੰਦਰਾ ਕਾਲਜ 1870 ਵਿਚ ਕਾਇਮ ਕੀਤਾ ਜੋ ਕਲਕੱਤਾ ਯੂਨੀਵਰਸਿਟੀ ਨਾਲ ਐਫੀਲੀਏਟਿਡ ਸੀ। ਪੰਜਾਬੀ ਯੂਨੀਵਰਸਿਟੀ ਪਟਿਆਲਾ, ਜੋ 1962 ਵਿਚ ਬਣਾਈ ਗਈ, ਅੱਜ ਕੱਲ੍ਹ ਇਸ ਨਾਲ ਲਗਪਗ 278 ਕਾਲਜ ਐਫੀਲੀਏਟਿਡ ਹਨ। ਇਹ ਯੂਨੀਵਰਸਿਟੀ ਨਾ ਸਿਰਫ਼ ਚੰਗੇ, ਸਾਫ਼ ਸੁਥਰੇ ਪੰਜਾਬੀ ਮਾਹੌਲ ਪੱਖੋਂ ਮਸ਼ਹੂਰ ਹੈ ਬਲਕਿ ਖੇਡਾਂ ਦੇ ਖੇਤਰ ਵਿਚ ਵੀ ਭਾਰਤ ਦੀਆਂ ਮੁੱਖ ਯੂਨੀਵਰਸਿਟੀਆਂ ਨਾਲੋਂ ਸਭ ਤੋਂ ਅੱਗੇ ਹੈ।
ਪਟਿਆਲਾ ਖਾਨਦਾਨ ਦਾ ਇਤਿਹਾਸ
ਸਤਲੁਜ ਇਲਾਕੇ ਵਿਚ ਸਿੱਧੂਆਂ ਦੇ ਹੋਰ ਖ਼ਾਨਦਾਨ ਅਟਾਰੀ ਵਾਲੇ, ਭੀਲੇਵਾਲ ਵਾਲੇ ਅਤੇ ਸਾਡਰੀਆਂ ਵਾਲੇ ਸਿੱਧੂਆਂ ਦੇ ਨਾਂ ਨਾਲ ਮਸ਼ਹੂਰ ਸਨ। ਸਤਲੁਜ ਦੇ ਦੱਖਣ ਵੱਲ ਸਿੱਧੂਆਂ ਦਾ ਬਹੁਤ ਬੋਲਬਾਲਾ ਰਿਹਾ ਜੋ ਪਟਿਆਲਾ, ਜ਼ੀਦ, ਫ਼ਰੀਦਕੋਟ, ਭਦੌੜ ਦੇ ਸਰਦਾਰ, ਮਲੌਦ, ਬਡਰੁੱਖਾਂ ਅਤੇ ਕੈਥਲ ਦੇ ਅਮੀਰ ਸਨ। ਰਾਜਗਾਨ-ਏ-ਪੰਜਾਬ ਅਨੁਸਾਰ ਸਿੱਧੂ ਵੀ ਰਾਜਪੂਤਾਂ ‘ਚੋਂ ਨਿਕਲੇ ਹੋਏ ਹਨ ਅਤੇ ਆਪਣੇ ਖ਼ਾਨਦਾਨ ਦਾ ਸਿਲਸਿਲਾ ਜੈਸਲਮੇਰ ਨਾਲ ਮਿਲਾਉਂਦੇ ਹਨ। ਜੈਸਲਮੇਰ ਦੇ ਬਾਨੀ ਨੇ 1180ਈ. ਵਿਚ ਆਪਣੀ ਰਾਜਗੱਦੀ ਛੱਡ ਕੇ ਹਿਸਾਰ ਦੇ ਨੇੜੇ ਪੱਕਾ ਠਿਕਾਣਾ ਬਣਾ ਲਿਆ ਸੀ।
ਜਿੱਥੇ ਉਸ ਦੇ ਸਾਲਵਾਹਣ, ਕਾਲਣ, ਹੀਮਲੇਲ ਅਤੇ ਪੀਮ ਆਦਿ ਚਾਰ ਪੁੱਤਰਾਂ ਨੇ ਜਨਮ ਲਿਆ। ਹੀਮਲੇਲ ਨੇ ਵੱਡੇ ਹੋ ਕੇ ਹਿਸਾਰ ‘ਤੇ ਕਬਜ਼ਾ ਕਰ ਲਿਆ। ਕੁਝ ਚਿਰ ਬਾਅਦ 1212 ਈ. ਵਿਚ ਸਿਰਸਾ ਅਤੇ ਬਠਿੰਡੇ ਨੂੰ ਆਪਣੇ ਅਧੀਨ ਕੀਤਾ ਅਤੇ ਕਸਬਾ ਹਿਸਾਰ ਨੂੰ ਆਬਾਦ ਕੀਤਾ। ਅੰਤ 1214 ਈ. ਵਿਚ ਉਹ ਇਸ ਦੁਨੀਆ ਨੂੰ ਅਲਵਿਦਾ ਆਖ ਕੇ ਹਮੇਸ਼ਾ ਲਈ ਤੁਰ ਗਏ। ਇਨ੍ਹਾਂ ਦੇ 21 ਪੁੱਤਰ ਅਤੇ 21 ਹੀ ਗੋਤ ਸਨ, ਜਿਨ੍ਹਾਂ ਵਿਚ ਸਿੱਧੂਆਂ ਅਤੇ ਭੱਟੀਆਂ ਨੂੰ ਮੋਢੀਆਂ ਦੇ ਤੌਰ ‘ਤੇ ਮੰਨਿਆ ਜਾਂਦਾ ਹੈ। ਜੈਸਲ ਤੋਂ ਫੂਲ ਤਕ 29 ਪੁਸ਼ਤਾਂ ਹੋ ਗੁਜ਼ਰੀਆਂ ਹਨ। ਚੌਧਰੀ ਫੂਲ ਦੇ ਪੁੱਤਰਾਂ ਨੇ ਨਾਭਾ ਅਤੇ ਜੀਂਦ, ਦੂਜੇ ਪੁੱਤਰ ਰਾਮਾ ਨੇ ਪਟਿਆਲੇ ਨੂੰ ਸੰਭਾਲਿਆ।
ਪਟਿਆਲਾ ਸ਼ਹਿਰ ਦੇ ਸ਼ਾਹੀ ਗੇਟ
ਦਰਸ਼ਨੀ ਗੇਟ – ਕਿਲ੍ਹਾ ਮੁਬਾਰਕ ਦਾ ਆਗਮਨੀ ਗੇਟ,ਸਨੌਰੀ ਗੇਟ,.ਸਫਾਬਾਦੀ ਗੇਟ,ਤੋਪ ਖ਼ਾਨਾ ਗੇਟ,ਲਾਹੌਰੀ ਗੇਟ,ਸ਼ੇਰਾਵਾਲਾ ਗੇਟ,ਘਲੋੜੀ ਗੇਟ,ਸਮਾਨੀਆ ਗੇਟ,ਸੁਨਾਮੀ ਗੇਟ,ਸਰਹੰਦੀ ਗੇਟ,ਨਾਭਾ ਗੇਟ
ਪਟਿਆਲਾ ਦੇ ਰਾਜੇ
ਰਾਜਾ ਆਲਾ ਸਿੰਘ (1743-1765)
ਰਾਜਾ ਅਮਰ ਸਿੰਘ (1765-1781)
ਰਾਜਾ ਸਾਹਿਬ ਸਿੰਘ (1781-1813)
ਮਹਾਰਾਜਾ ਕਰਮ ਸਿੰਘ (1813-1845)
ਮਹਾਰਾਜਾ ਨਰਿੰਦਰ ਸਿੰਘ (1845-1862)
ਮਹਾਰਾਜਾ ਮਹਿੰਦਰ ਸਿੰਘ (1862-1876)
ਮਹਾਰਾਜਾ ਰਜਿੰਦਰ ਸਿੰਘ (1876-1900)
ਮਹਾਰਾਜਾ ਭੂਪਿੰਦਰ ਸਿੰਘ (1900-1938)
ਮਹਾਰਾਜਾ ਯਾਦਵਿੰਦਰ ਸਿੰਘ (1938-1974)
ਅਮਰਿੰਦਰ ਸਿੰਘ (ਜਨਮ 1942)



