ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਸੰਕਟ ਕਾਰਨ ਸਾਰੇ ਵਿਦਿਅਕ ਅਦਾਰੇ ਬੰਦ ਪਏ ਹਨ ਜਿਸ ਕਰਕੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਅਟਕੀ ਪਈਆਂ ਹਨ ਪਰ ਹੁਣ ਯੂਨੀਵਰਸਿਟੀ ਗਰਾਂਟ ਕਮਿਸ਼ਨ ਨੇ ਗ੍ਰਹਿ ਮੰਤਰਾਲੇ ਤੋਂ ਆਗਿਆ ਮਿਲਣ ਮਗਰੋਂ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਆਖਰੀ ਸਮੈਸਟਰ ਦੇ ਇਮਤਿਹਾਨ ਲੈਣ ਸੰਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ ਜਿਸ ਅਨੁਸਾਰ ਹੁਣ ਇਹ ਪ੍ਰੀਖਿਆਵਾਂ ਸਤੰਬਰ ਦੇ ਅਖੀਰ ਤੱਕ ਆਯੋਜਿਤ ਹੋਣਗੀਆਂ ਅਤੇ ਇਮਤਿਹਾਨ ਆਨਲਾਈਨ ਅਤੇ ਆਫਲਾਈਨ ਦੇਣ ਦੀ ਸਹੂਲਤ ਦਿੱਤੀ ਜਾਵੇਗੀ।
University Grants Commission (UGC) issues revised guidelines regarding conduct of terminal semesters/final year examination by the Universities/institutions. Examinations to be completed by end of September 2020 in offline/online/blended (online+offline) mode. pic.twitter.com/Nc8BrLPgXI
— ANI (@ANI) July 7, 2020
ਯੂਜੀਸੀ ਅਨੁਸਾਰ ਆਖਰੀ ਸਮੈਸਟਰ ਦੀਆਂ ਪ੍ਰੀਖਿਆਵਾਂ ਨੂੰ ਕਿਸੇ ਵੀ ਹਾਲਾਤ ਵਿਚ ਟਾਲਿਆ ਨਹੀਂ ਜਾ ਸਕਦਾ ਹੈ। ਇਹ ਪ੍ਰੀਖਿਆਵਾਂ ਦੇਣੀਆਂ ਬਹੁਤ ਹੀ ਜ਼ਰੂਰੀ ਹਨ। ਇਸ ਲਈ ਸਿਹਤ ਮੰਤਰਾਲੇ ਦੁਆਰਾ ਮੰਜੂਰ ਐਸਓਪੀ ਦੇ ਤਹਿਤ ਪ੍ਰੀਖਿਆਵਾਂ ਦਾ ਆਯੋਜਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜੇਕਰ ਕੋਈ ਯੂਨੀਵਰਸਿਟੀ ਜੁਲਾਈ ਵਿਚ ਆਨਲਾਈਨ ਪ੍ਰੀਖਿਆਵਾਂ ਆਯੋਜਿਤ ਕਰਨਾ ਚਾਹੁੰਦੀ ਹੈ ਤਾਂ ਉਸਨੂੰ ਇਸ ਲਈ ਛੁੱਟ ਦਿੱਤੀ ਗਈ ਹੈ, ਕਿਉਂਕਿ 31 ਜੁਲਾਈ ਤੱਕ ਲਾਕਡਾਊਨ ਹੈ, ਜੋ ਕਿ ਵਿਦਿਅਕ ਅਦਾਰਿਆਂ ਉੱਤੇ ਵੀ ਲਾਗੂ ਹੁੰਦਾ ਹੈ ।ਯੂਜੀਸੀ ਮੁਤਾਬਕ ਅਗਸਤ ਅਤੇ ਸਤੰਬਰ ਵਿਚ ਹਾਲਾਤ ਜੇਕਰ ਠੀਕ ਰਹੇ ਤਾਂ ਉਹ (ਯੂਨੀਵਰਸਿਟੀ) ਆਪਣੀ ਸਹੂਲਤ ਅਨੁਸਾਰ ਆਨਲਾਈਨ , ਆਫਲਾਈਨ ਜਾਂ ਮਿਸ਼ਰਤ ਢੰਗ ਨਾਲ ਪ੍ਰੀਖਿਆਵਾਂ ਲੈ ਸਕਣਗੀਆਂ। ਯੂਜੀਸੀ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜਿਹੜੇ ਵਿਦਿਆਰਥੀ ਸਤੰਬਰ ਵਿਚ ਪ੍ਰੀਖਿਆਵਾਂ ‘ਚ ਸ਼ਾਮਲ ਨਹੀਂ ਹੋ ਪਾਉਣਗੇ, ਉਨ੍ਹਾਂ ਨੂੰ ਵਿਸ਼ੇਸ਼ ਮੌਕੇ ਵੀ ਦਿੱਤੇ ਜਾਣਗੇ। ਇਨ੍ਹਾਂ ਵਿਚ ਸਧਾਰਨ ਕਾਲਜ ਤੋਂ ਲੈ ਕੇ ਪੇਸ਼ੇਵਰ, ਤਕਨੀਕੀ ਕਾਲਜਾਂ ਅਤੇ ਯੂਨੀਵਰਸਿਟੀਆਂ ਦੀਆਂ ਪ੍ਰੀਖਿਆਵਾਂ ਸ਼ਾਮਲ ਹਨ।
