ਮਹਾਰਾਸ਼ਟਰ : ਮਹਾਰਾਸ਼ਟਰ ਤੋਂ ਦੋ ਬੇਹੱਦ ਦਰਦਨਾਕ ਅਤੇ ਭਿਆਨਕ ਸੜਕ ਹਾਦਸਿਆਂ ਦੀ ਖ਼ਬਰ ਸਾਹਮਣੇ ਆਈ ਹੈ। ਸੋਮਵਾਰ ਨੂੰ ਵਾਪਰੇ ਇਨ੍ਹਾਂ ਹਾਦਸਿਆਂ ਵਿੱਚ ਕੁੱਲ 14 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਦਰਜਨਾਂ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ। ਪਹਿਲਾ ਹਾਦਸਾ ਧੁਲੇ ਜ਼ਿਲ੍ਹੇ ਵਿੱਚ ਮੁੰਬਈ-ਆਗਰਾ ਰਾਸ਼ਟਰੀ ਰਾਜਮਾਰਗ ‘ਤੇ ਵਾਪਰਿਆ ਅਤੇ ਦੂਜੀ ਮੰਦਭਾਗੀ ਘਟਨਾ ਰਾਏਗੜ੍ਹ ਜ਼ਿਲ੍ਹੇ ਵਿੱਚ ਸਾਹਮਣੇ ਆਈ ਹੈ।
ਮੁੰਬਈ-ਆਗਰਾ ਹਾਈਵੇਅ ‘ਤੇ ਇੱਕ ਤੋਂ ਬਾਅਦ ਇੱਕ ਟਕਰਾਈਆਂ ਗੱਡੀਆਂ, 6 ਦੀ ਮੌਤ
ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਧੁਲੇ ਜ਼ਿਲ੍ਹੇ ਦੇ ਲਾਲਿੰਗ ਘਾਟ ਨੇੜੇ ਇੱਕ ਤੋਂ ਬਾਅਦ ਇੱਕ ਵਾਹਨਾਂ ਦੀ ਜ਼ਬਰਦਸਤ ਟੱਕਰ ਹੋ ਗਈ। ਪਹਿਲਾਂ ਇੱਕ ਡੰਪਰ ਦੀ ਟੱਕਰ ਟਰੱਕ ਨਾਲ ਹੋਈ। ਇਸ ਹਾਦਸੇ ਤੋਂ ਤੁਰੰਤ ਬਾਅਦ ਜਦੋਂ ਹਾਈਵੇਅ ਦੇ ਟੋਲ ਕਰਮਚਾਰੀ ਅਤੇ ਸਥਾਨਕ ਲੋਕ ਜ਼ਖਮੀਆਂ ਨੂੰ ਬਚਾਉਣ ਅਤੇ ਰਾਹਤ ਕਾਰਜਾਂ ਵਿੱਚ ਜੁਟੇ ਹੋਏ ਸਨ, ਤਾਂ ਮੱਧ ਪ੍ਰਦੇਸ਼ ਵੱਲੋਂ ਆ ਰਹੀ ਇੱਕ ਤੇਜ਼ ਰਫ਼ਤਾਰ ਯਾਤਰੀ ਬੱਸ ਬੇਕਾਬੂ ਹੋ ਕੇ ਪਹਿਲਾਂ ਤੋਂ ਹਾਦਸਾਗ੍ਰਸਤ ਹੋਏ ਵਾਹਨਾਂ ਅਤੇ ਉੱਥੇ ਮੌਜੂਦ ਲੋਕਾਂ ‘ਤੇ ਚੜ੍ਹ ਗਈ।
ਮਦਦ ਕਰਨ ਪਹੁੰਚੇ ਟੋਲ ਕਰਮਚਾਰੀ ਦੀ ਵੀ ਗਈ ਜਾਨ, 26 ਜ਼ਖਮੀ
ਦੂਜੀ ਟੱਕਰ ਐਨੀ ਭਿਆਨਕ ਸੀ ਕਿ ਮੌਕੇ ‘ਤੇ ਮਦਦ ਕਰ ਰਹੇ ਇੱਕ ਟੋਲ ਕਰਮਚਾਰੀ ਦੀ ਥਾਂ ‘ਤੇ ਹੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਇਸ ਦਰਦਨਾਕ ਹਾਦਸੇ ਵਿੱਚ ਟੋਲ ਮੁਲਾਜ਼ਮ ਸਣੇ ਕੁੱਲ 6 ਲੋਕਾਂ ਦੀ ਜਾਨ ਚਲੀ ਗਈ ਹੈ, ਜਦਕਿ 26 ਦੇ ਕਰੀਬ ਲੋਕ ਜ਼ਖਮੀ ਹੋਏ ਹਨ। ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਬਚਾਅ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਸਾਰੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਹਾਦਸੇ ਕਾਰਨ ਹਾਈਵੇਅ ‘ਤੇ ਕਾਫੀ ਸਮਾਂ ਜਾਮ ਲੱਗਾ ਰਿਹਾ।
ਦੂਜਾ ਹਾਦਸਾ: ਰਾਏਗੜ੍ਹ ‘ਚ ਡੂੰਘੀ ਖੱਡ ‘ਚ ਡਿੱਗੀ SUV, 8 ਲੋਕਾਂ ਦੀ ਮੌਤ
ਇਸ ਦੌਰਾਨ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਤੋਂ ਵੀ ਇੱਕ ਹੋਰ ਵੱਡੀ ਤ੍ਰਾਸਦੀ ਦੀ ਖ਼ਬਰ ਆਈ। ਇੱਥੇ ਇੱਕ ਤੇਜ਼ ਰਫ਼ਤਾਰ SUV ਕਾਰ ਬੇਕਾਬੂ ਹੋ ਕੇ ਇੱਕ ਡੂੰਘੀ ਖਾਈ ਵਿੱਚ ਜਾ ਡਿੱਗੀ। ਇਸ ਭਿਆਨਕ ਹਾਦਸੇ ਵਿੱਚ ਗੱਡੀ ਸਵਾਰ 8 ਲੋਕਾਂ ਦੀ ਮੌਤ ਹੋ ਗਈ। ਪ੍ਰਸ਼ਾਸਨ ਮੁਤਾਬਕ ਖਾਈ ਬਹੁਤ ਜ਼ਿਆਦਾ ਡੂੰਘੀ ਹੋਣ ਕਾਰਨ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਚਾਅ ਦਲ ਨੇ ਹੁਣ ਤੱਕ ਦੋ ਲਾਸ਼ਾਂ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ, ਜਦਕਿ ਬਾਕੀ ਲਾਸ਼ਾਂ ਨੂੰ ਖੱਡ ਵਿੱਚੋਂ ਕੱਢਣ ਲਈ ਸਰਚ ਆਪ੍ਰੇਸ਼ਨ ਲਗਾਤਾਰ ਜਾਰੀ ਹੈ। ਪੁਲਿਸ ਦੋਵਾਂ ਮਾਮਲਿਆਂ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



