ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਬੀਤੇ ਵੀਰਵਾਰ ਨੂੰ ਮਸ਼ਹੂਰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਉੱਤੇ ਹੁਣ ਤੱਕ ਦਾ ਸੱਭ ਤੋਂ ਵੱਡਾ ਸਾਇਬਰ ਅਟੈਕ ਹੋਇਆ ਸੀ। ਇਸ ਦੌਰਾਨ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਗੇਟਸ ਸਮੇਤ ਕਈਂ ਵੱਡੀਆਂ ਹਸਤੀਆਂ ਦੇ ਟਵਿੱਟਰ ਅਕਾਊਂਟ ਹੈਕ ਕਰ ਲਏ ਗਏ ਸਨ ਅਤੇ ਹੈਕਰਾਂ ਨੇ ਅਕਾਊਂਟਜ਼ ਤੋਂ ਟਵੀਟ ਕਰਕੇ ਬਿਟਕਾਇੰਸ(ਡਿਜੀਟਲ ਕਰੰਸੀ) ਦੇ ਰੂਪ ਵਿਚ ਪੈਸਾ ਮੰਗਿਆ ਸੀ। ਇਸ ਹੈਕਿੰਗ ਉੱਤੇ ਉੱਠ ਰਹੇ ਸਵਾਲਾਂ ਉੱਤੇ ਹੁਣ ਟਵਿੱਟਰ ਨੇ ਸਫਾਈ ਦਿੱਤੀ ਹੈ।
As of now, we know that they accessed tools only available to our internal support teams to target 130 Twitter accounts. For 45 of those accounts, the attackers were able to initiate a password reset, login to the account, and send tweets: Twitter https://t.co/El8ugPAk1C
— ANI (@ANI) July 18, 2020
ਟਵਿੱਟਰ ਦੁਆਰਾ ਜਾਰੀ ਕੀਤੇ ਬਿਆਨ ਵਿਚ ਕਿਹਾ ਗਿਆ ਹੈ ”ਕਿ ਸਾਡਾ ਮੰਨਣਾ ਹੈ ਕਿ ਹੈਕਰਾਂ ਨੇ ਸੋਸ਼ਲ ਇੰਜੀਨੀਅਰਿੰਗ ਦੇ ਜਰੀਏ ਕੁੱਝ ਟਵਿੱਟਰ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਨੇ ਟਵਿੱਟਰ ਦੀਆਂ ਅੰਦਰੂਨੀ ਪ੍ਰਣਾਲੀਆਂ ਤੱਕ ਪਹੁੰਚਣ ਲਈ ਕਰਮਚਾਰੀਆਂ ਦੇ ਡਾਟੇ ਦੀ ਵਰਤੋ ਕੀਤੀ ਅਤੇ ਟਵਿੱਟਰ ਦੇ ਟੂ-ਫੈਕਟਰ ਸੁਰੱਖਿਆ ਪ੍ਰਣਾਲੀਆਂ ਤੱਕ ਪਹੁੰਚਣ ਲਈ ਵੀ ਉਨ੍ਹਾਂ ਦੇ ਡਾਟੇ ਦਾ ਇਸਤਮਾਲ ਕੀਤਾ”। ਟਵਿੱਟਰ ਮੁਤਾਬਕ ”ਹੁਣ ਤੱਕ, ਅਸੀ ਇਹ ਜਾਣਦੇ ਹਾਂ ਕਿ ਹੈਕਰਾਂ ਨੇ 130 ਟਵਿੱਟਰ ਅਕਾਊਂਟਜ਼ ਨੂੰ ਹੈਕ ਕਰਨ ਲਈ ਸਾਡੀ ਅੰਦਰੂਨੀ ਸਪੋਰਟ ਟੀਮ ਕੋਲ ਮੌਜੂਦ ਟੂਲਜ਼ ਦੀ ਵਰਤੋ ਕੀਤੀ। ਉਨ੍ਹਾਂ ਵਿਚੋਂ 45 ਅਕਾਊਂਟਜ਼ ਦੇ ਲਈ ਹੈਕਰ ਪਾਸਵਰਡ ਰਿਸੈਟ ਅਤੇ ਲਾਗਇਨ ਕਰਨ ਦੇ ਨਾਲ-ਨਾਲ ਟਵੀਟ ਭੇਜਣ ਦੇ ਵੀ ਸਮਰੱਥ ਸਨ”।
ਦੱਸ ਦਈਏ ਕਿ ਅਕਾਊਂਟ ਹੈਕ ਕਰਨ ਮਗਰੋਂ ਹੈਕਰਾਂ ਨੇ ਸਾਰੇ ਅਕਾਊਂਟਜ਼ ਤੋਂ ਟਵੀਟ ਕਰਕੇ ਬਿਟਕਾਇੰਸ(ਡਿਜੀਟਲ ਕਰੰਸੀ) ਦੇ ਰੂਪ ਵਿਚ ਪੈਸਾ ਮੰਗਿਆ ਸੀ, ਜਿਸ ਤਹਿਤ ਬਿਲ ਗੇਟਸ ਦੇ ਅਕਾਊਂਟ ਤੋਂ ਟਵਿਟ ਕਰ ਕਿਹਾ ਗਿਆ ਕਿ ”ਹਰ ਕੋਈ ਮੈਨੂੰ ਸਮਾਜ ਵਿਚ ਵਾਪਸ ਪਰਤਨ ਲਈ ਕਹਿੰਦਾ ਰਿਹਾ ਹੈ। ਹੁਣ ਉਹ ਸਮਾਂ ਆ ਗਿਆ ਹੈ। ਤੁਸੀ ਮੈਨੂੰ ਇਕ ਹਜ਼ਾਰ ਡਾਲਰ ਭੇਜੋ ਮੈ ਤੁਹਾਨੂੰ ਕੇਵਲ 30 ਮਿੰਟ ਵਿਚ ਦੋ ਹਜ਼ਾਰ ਡਾਲਰ ਵਾਪਸ ਭੇਜਾਗਾਂ”। ਇਸੇ ਤਰ੍ਹਾ ਟੇਸਲਾ ਕੰਪਨੀ ਦੇ ਸੀਈਓ ਏਲਨ ਮਸਕ ਦੇ ਟਵਿੱਟਰ ਅਕਾਊਂਟ ਤੋਂ ਇਕ ਟਵਿਟ ਕਰ ਕਿਹਾ ਗਿਆ ਕਿ ”ਮੈ ਕੋਵਿਡ-19 ਦੇ ਕਾਰਨ ਖੁਦ ਨੂੰ ਉਦਾਰ ਮਹਿਸੂਸ ਕਰ ਰਿਹਾ ਹਾਂ। ਮੈ ਮੇਰੇ ਬੀਟੀਸੀ ਖਾਤੇ ਉੱਤੇ ਭੇਜੇ ਗਏ ਕਿਸੇ ਵੀ ਬੀਟੀਸੀ ਭੁਗਤਾਨ ਨੂੰ ਅਗਲੇ ਇਕ ਘੰਟੇ ਵਿਚ ਦੁੱਗਣਾ ਕਰ ਦੇਵਾਂਗਾ”। ਇਨ੍ਹਾਂ ਮਸ਼ਹੂਰ ਹਸਤੀਆਂ ਦੇ ਅਕਾਊਂਟ ਤੋਂ ਕੀਤੇ ਗਏ ਟਵਿਟ ਕੁੱਝ ਮਿੰਟਾਂ ਵਿਚ ਡਿਲੀਟ ਹੋ ਗਏ ਪਰ ਇਸ ਨਾਲ ਅਕਾਊਂਟ ਹੈੱਕ ਹੋਣ ਦੀ ਲਹਿਰ ਹੀ ਚੱਲ ਪਈ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਹੈਕਿੰਗ ਦੌਰਾਨ ਕੁੱਝ ਹੀ ਦੇਰ ਵਿਚ ਸੈਂਕੜਾ ਲੋਕਾਂ ਨੇ ਹੈਕਰਾਂ ਨੂੰ ਲੱਖਾਂ ਡਾਲਰ ਭੇਜ ਦਿੱਤੇ ਸਨ।
