ਚੰਡੀਗੜ੍ਹ : ਸਾਥੀ ਕੈਬ ਡਰਾਈਵਰ ਦੀ ਹੱਤਿਆ ਤੋਂ ਬਾਅਦ ਆਪਣੀ ਸੁਰੱਖਿਆ ਤੇ ਮੰਗਾ ਨੂੰ ਲੈਕੇ ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ ਦੇ ਕੈਬ ਡਰਾਈਵਰ ਅਣਮਿੱਥੇ ਸਮੇਂ ਲਈ 10 ਅਗਸਤ ਤੋਂ ਸੈਕਟਰ 25 ‘ਚ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰਨਗੇ। ਸੋਮਵਾਰ ਨੂੰ ਇਥੇ ਇਕੱਤਰ ਹੋਏ ਕੈਬ ਤੇ ਆਟੋ ਡਰਾਈਵਰ ਯੂਨੀਅਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਲੋਕਾਂ ਨੂੰ ਬਿਹਤਰ ਸਫ਼ਰ ਸਹੂਲਤਾਂ ਦੇਣ ਵਾਲੀਆਂ ਕੈਬ ਕੰਪਨੀਆਂ ਓਲਾ, ਉਬਰ ਤੇ ਇਨ ਡਰਾਈਵਰ ਕੰਪਨੀਆਂ ਦੇ ਡਰਾਈਵਰ ਇਸ ਸਮੇਂ ਅਸੁਰੱਖਿਆ ਨੂੰ ਲੈ ਕੇ ਭੁੱਖ ਹੜਤਾਲ ‘ਤੇ ਬੈਠਣ ਲਈ ਮਜਬੂਰ ਹਨ।
ਡਰਾਈਵਰਾਂ ਦੀ ਯੂਨੀਅਨ ਦਾ ਕਹਿਣਾ ਹੈ ਕਿ ਕੰਪਨੀਆਂ ਵੱਲੋਂ ਟੈਕਸ, ਕਮਿਸ਼ਨ, ਕਿਰਾਏ ਅਤੇ ਸੁਰੱਖਿਆ ਨੂੰ ਲੈ ਕੇ ਉਨ੍ਹਾਂ ਨੂੰ ਸ਼ਰੇਆਮ ਜ਼ਲੀਲ ਕੀਤਾ ਜਾ ਰਿਹਾ ਹੈ ਜਿਸ ਕਾਰਨ ਅਨੇਕਾਂ ਡਰਾਈਵਰ ਕਰਜ਼ੇ ਦੀ ਮਾਰ ਹੇਠ ਹਨ ਤੇ ਅਨੇਕਾਂ ਹੀ ਇਸ ਪਰੇਸ਼ਾਨੀ ਕਾਰਨ ਆਪਣੀ ਜਾਨਾਂ ਗੁਆ ਚੁੱਕੇ ਹਨ।ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਬੇਰੁਖ਼ੀ ਤੇ ਕੰਪਨੀਆਂ ਦੇ ਘਟੀਆ ਵਤੀਰੇ ਖਿਲਾਫ਼ ਉਹ 10 ਅਗਸਤ ਤੋਂ ਸੈਕਟਰ 25 ਵਿੱਚ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰਨਗੇ।
