ਆਨੰਦਪੁਰ ਸਾਹਿਬ : ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ ਅਤੇ ਮੈਨੇਜਰ ਮਲਕੀਤ ਸਿੰਘ ਦਾ ਅੱਜ ਤਬਾਦਲਾ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੀ 13 ਸਤੰਬਰ ਨੂੰ ਤਖ਼ਤ ਸਾਹਿਬ ਵਿਖੇ ਹੋਈ ਬੇਅਦਬੀ ਦੀ ਘਟਨਾ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਕ ਪੰਜ ਮੈਂਬਰੀ ਪੜਤਾਲੀਆਂ ਕਮੇਟੀ ਬਣਾਈ ਗਈ ਸੀ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੇਅਦਬੀ ਦੀ ਘਟਨਾ ਦੀ ਪੜਤਾਲ ਦੌਰਾਨ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਹੈੱਡ ਗ੍ਰੰਥੀ ਅਤੇ ਮੈਨੇਜਰ ਦੀ ਕਾਰਗੁਜ਼ਾਰੀ ‘ਤੇ ਅਸੰਤੁਸ਼ਟੀ ਜ਼ਾਹਰ ਕੀਤੀ ਸੀ।
Also Read : ਤਰਨਤਾਰਨ ਦੀ ਪੁਲਿਸ ਨੇ ਹਥਿਆਰਾਂ ਸਮੇਤ ਤਿੰਨ ਵਿਅਕਤੀਆਂ ਨੂੰ ਕੀਤਾ ਕਾਬੂ
ਮਿਲੀ ਜਾਣਕਾਰੀ ਮੁਤਾਬਕ ਅੱਜ ਸ਼੍ਰੋਮਣੀ ਕਮੇਟੀ ਹੈੱਡ ਕੁਆਰਟਰ ਅੰਮ੍ਰਿਤਸਰ ਤੋਂ ਜਾਰੀ ਹੁਕਮਾਂ ਅਨੁਸਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ ਨੂੰ ਬਦਲ ਕੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਪਟਿਆਲਾ ਦੇ ਹੈੱਡ ਗ੍ਰੰਥੀ ਅਤੇ ਉਥੋਂ ਦੇ ਹੈੱਡ ਗ੍ਰੰਥੀ ਗਿਆਨੀ ਪਰਨਾਮ ਸਿੰਘ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਲਾਇਆ ਗਿਆ ਹੈ। ਇਸੇ ਤਰ੍ਹਾਂ ਤਖ਼ਤ ਸਾਹਿਬ ਦੇ ਮੈਨੇਜਰ ਮਲਕੀਤ ਸਿੰਘ ਨੂੰ ਗੁਰਦੁਆਰਾ ਨਾਡਾ ਸਾਹਿਬ ਪੰਚਕੂਲਾ ਅਤੇ ਉੱਥੋਂ ਦੇ ਮੈਨੇਜਰ ਭਗਵੰਤ ਸਿੰਘ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ ਮੈਨੇਜਰ ਲਾਇਆ ਗਿਆ ਹੈ। ਗਿਆਨੀ ਫੂਲਾ ਸਿੰਘ ਨੂੰ ਅੱਜ ਦੇਰ ਸ਼ਾਮੀਂ ਹੀ ਕਾਹਲੀ ਵਿਚ ਰਿਲੀਵ ਕਰਕੇ ਭੇਜ ਦਿੱਤਾ ਗਿਆ ਹੈ।



