ਗੁਰਦਾਸਪੁਰ : ਗੁਰਦਾਸਪੁਰ ਦੇ ਪੰਡੋਰੀ ਰੋਡ ਬਾਈਪਾਸ ’ਤੇ ਪੁਲ ਦੇ ਹੇਠਾਂ ਇੱਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਤੇਜ਼ ਰਫ਼ਤਾਰ ਬੱਸ ਅਤੇ ਮੋਟਰਸਾਈਕਲ ਵਿਚਕਾਰ ਹੋਈ ਜ਼ਬਰਦਸਤ ਟੱਕਰ ਵਿੱਚ ਮੋਟਰਸਾਈਕਲ ਸਵਾਰ ਪਿਓ ਅਤੇ ਉਸ ਦੀ ਮਾਸੂਮ ਧੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ। ਘਟਨਾ ਤੋਂ ਬਾਅਦ ਮੌਕੇ ’ਤੇ ਹਫੜਾ-ਦਫੜੀ ਮਚ ਗਈ।
ਸਕੂਲ ਤੋਂ ਘਰ ਪਰਤ ਰਹੇ ਪਿਓ-ਧੀ ਨੂੰ ਬੱਸ ਨੇ ਮਾਰੀ ਟੱਕਰ
ਪ੍ਰਾਪਤ ਜਾਣਕਾਰੀ ਅਨੁਸਾਰ, ਸੈਮੁਅਲ ਆਪਣੀ ਮਾਸੂਮ ਧੀ ਨੂੰ ਸਕੂਲ ਤੋਂ ਛੁੱਟੀ ਮਗਰੋਂ ਮੋਟਰਸਾਈਕਲ ’ਤੇ ਸਵਾਰ ਕਰਕੇ ਕ੍ਰਿਸ਼ਨਾ ਮੰਦਰ ਵਾਲੇ ਪਾਸੇ ਆਪਣੇ ਘਰ ਵੱਲ ਜਾ ਰਿਹਾ ਸੀ। ਜਦੋਂ ਉਹ ਪੰਡੋਰੀ ਰੋਡ ਬਾਈਪਾਸ ’ਤੇ ਪੁਲ ਦੇ ਹੇਠਾਂ ਪਹੁੰਚੇ ਤਾਂ ਬਿਆਸ ਵੱਲੋਂ ਆ ਰਹੀ ਇੱਕ ਬੱਸ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਚਲਾ ਰਹੇ ਸੈਮੁਅਲ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ ਅਤੇ ਉਹ ਮੌਕੇ ’ਤੇ ਹੀ ਬੇਹੋਸ਼ ਹੋ ਗਿਆ, ਜਦਕਿ ਉਸ ਦੀ ਧੀ ਵੀ ਜ਼ਖ਼ਮੀ ਹੋ ਗਈ।
ਹਸਪਤਾਲ ਵਿੱਚ ਇਲਾਜ ਅਧੀਨ ਪੀੜਤ
ਹਾਦਸੇ ਦੇ ਤੁਰੰਤ ਬਾਅਦ ਆਸ-ਪਾਸ ਦੇ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਦੋਵਾਂ ਪਿਓ-ਧੀ ਨੂੰ ਇਲਾਜ ਲਈ ਤੁਰੰਤ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਡਾਕਟਰਾਂ ਦੀ ਦੇਖ-ਰੇਖ ਹੇਠ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਦੂਜੇ ਪਾਸੇ, ਹਾਦਸੇ ਨੂੰ ਅੰਜਾਮ ਦੇਣ ਤੋਂ ਬਾਅਦ ਬੱਸ ਡਰਾਈਵਰ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਬੱਸ ਵਿੱਚ ਸਵਾਰ ਯਾਤਰੀਆਂ ਨੇ ਦੱਸਿਆ ਕਿ ਜ਼ਿਆਦਾਤਰ ਸਵਾਰੀਆਂ ਸੁੱਤੀਆਂ ਹੋਈਆਂ ਸਨ, ਜਿਸ ਕਾਰਨ ਹਾਦਸੇ ਦਾ ਅਸਲ ਮੰਜ਼ਰ ਉਨ੍ਹਾਂ ਦੀ ਅੱਖਾਂ ਸਾਹਮਣੇ ਨਹੀਂ ਆ ਸਕਿਆ।
ਪਰਿਵਾਰ ਦੀ ਪਹਿਲ ਜ਼ਖ਼ਮੀਆਂ ਦਾ ਇਲਾਜ
ਘਟਨਾ ਬਾਰੇ ਗੱਲ ਕਰਦਿਆਂ ਜ਼ਖ਼ਮੀ ਸੈਮੁਅਲ ਦੇ ਭਰਾ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਸ ਸਮੇਂ ਉਨ੍ਹਾਂ ਦੀ ਪਹਿਲੀ ਤਰਜੀਹ ਉਨ੍ਹਾਂ ਦੇ ਪਿਆਰਿਆਂ ਦੀ ਜਾਨ ਬਚਾਉਣਾ ਅਤੇ ਉਨ੍ਹਾਂ ਦਾ ਸਹੀ ਇਲਾਜ ਕਰਵਾਉਣਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜ਼ਖ਼ਮੀਆਂ ਦੀ ਹਾਲਤ ਵਿੱਚ ਸੁਧਾਰ ਹੋਣ ਤੋਂ ਬਾਅਦ ਉਹ ਇਸ ਮਾਮਲੇ ਸੰਬੰਧੀ ਪੁਲਿਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਉਣਗੇ, ਤਾਂ ਜੋ ਫ਼ਰਾਰ ਬੱਸ ਡਰਾਈਵਰ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



