ਨਵਾਂਸ਼ਹਿਰ : ਨਵਾਂਸ਼ਹਿਰ ਦੇ ਪਿੰਡ ਗੜ੍ਹਪਧਾਨਾ ਤੋਂ ਇੱਕ ਬਹੁਤ ਹੀ ਦਿਲ ਕੰਬਾਊ ਅਤੇ ਦੁਖਦਾਈ ਘਟਨਾ ਸਾਹਮਣੇ ਆਈ ਹੈ। ਇੱਥੇ ਤਿੰਨ ਦੋਸਤਾਂ ਵੱਲੋਂ ਕਥਿਤ ਤੌਰ ‘ਤੇ ਜ਼ਹਿਰੀਲਾ ਖਾਣਾ ਖਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ 13 ਸਾਲਾ ਪਰਮਜੀਤ ਸਿੰਘ ਖਾਲਸਾ ਦੀ ਦਰਦਨਾਕ ਮੌਤ ਹੋ ਗਈ ਹੈ। ਜਦਕਿ ਇਸ ਘਟਨਾ ਵਿੱਚ 21 ਸਾਲਾ ਦਿਲਪੀਤ ਸਿੰਘ ਦੀ ਹਾਲਤ ਅੱਜ ਵੀ ਗੰਭੀਰ ਬਣੀ ਹੋਈ ਹੈ ਅਤੇ ਉਹ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਇਸ ਦੇ ਨਾਲ ਹੀ ਤੀਜੇ ਦੋਸਤ 15 ਸਾਲਾ ਮਨਿੰਦਰ ਸਿੰਘ ਦੀ ਸਿਹਤ ਵਿੱਚ ਪਹਿਲਾਂ ਨਾਲੋਂ ਕੁਝ ਸੁਧਾਰ ਦੱਸਿਆ ਜਾ ਰਿਹਾ ਹੈ।
ਪਿੰਡ ਦੇ ਸਰਪੰਚ ਹਰਦੀਪ ਸਿੰਘ ਨੇ ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਤਿੰਨੇ ਨੌਜਵਾਨ ਆਪਸ ਵਿੱਚ ਬਹੁਤ ਪੱਕੇ ਦੋਸਤ ਸਨ ਅਤੇ ਜ਼ਿਆਦਾਤਰ ਸਮਾਂ ਇਕੱਠੇ ਹੀ ਬਿਤਾਉਂਦੇ ਸਨ। ਮੁੱਢਲੀ ਜਾਂਚ ਅਤੇ ਜਾਣਕਾਰੀ ਮੁਤਾਬਕ ਇਨ੍ਹਾਂ ਵਿੱਚੋਂ ਇੱਕ ਨੌਜਵਾਨ ਮੋਬਾਈਲ ਫੋਨ ਉੱਤੇ ਆਨਲਾਈਨ ਗੇਮ ਖੇਡਦਾ ਸੀ ਅਤੇ ਉਸ ਗੇਮ ਵਿੱਚ ਭਾਰੀ ਪੈਸੇ ਹਾਰ ਗਿਆ ਸੀ। ਇਹ ਡਰ ਅਤੇ ਮਾਨਸਿਕ ਤਣਾਅ ਬਣਿਆ ਕਿ ਘਰ ਵਾਲਿਆਂ ਨੂੰ ਕੀ ਜਵਾਬ ਦੇਣਗੇ, ਜਿਸ ਦੇ ਚਲਦਿਆਂ ਇਨ੍ਹਾਂ ਤਿੰਨਾਂ ਨੇ ਇਹ ਖੌਫ਼ਨਾਕ ਕਦਮ ਚੁੱਕਦਿਆਂ ਜ਼ਹਿਰੀਲਾ ਪਦਾਰਥ ਖਾ ਲਿਆ।
ਘਟਨਾ ਦਾ ਪਤਾ ਲੱਗਦਿਆਂ ਹੀ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰਾਂ ਵੱਲੋਂ ਤਿੰਨਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ 13 ਸਾਲਾ ਪਰਮਜੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੁਖਦਾਈ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਮਾਤਮ ਛਾਇਆ ਹੋਇਆ ਹੈ। ਹਾਲਾਂਕਿ, ਪੀੜਤ ਪਰਿਵਾਰ ਦੇ ਮੈਂਬਰ ਇਸ ਮਾਮਲੇ ‘ਤੇ ਕੈਮਰੇ ਸਾਹਮਣੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਰਹੇ ਹਨ। ਦੂਜੇ ਪਾਸੇ, ਸਥਾਨਕ ਪੁਲਿਸ ਪ੍ਰਸ਼ਾਸਨ ਇਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਿਹਾ ਹੈ ਤਾਂ ਜੋ ਇਸ ਘਟਨਾ ਦੇ ਅਸਲ ਕਾਰਨਾਂ ਤੋਂ ਪੂਰੀ ਤਰ੍ਹਾਂ ਪਰਦਾ ਚੁੱਕਿਆ ਜਾ ਸਕੇ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।


