ਚੰਡੀਗੜ੍ਹ: ਸ਼ਹਿਰ ਦੇ ਰਾਮਦਰਬਾਰ ਫੇਜ਼-2 ਵਿੱਚ ਸ਼ਨੀਵਾਰ ਨੂੰ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਇੱਕ ਨਿਰਮਾਣ ਅਧੀਨ ਇਮਾਰਤ ਅਚਾਨਕ ਤਾਸ਼ ਦੇ ਪੱਤਿਆਂ ਵਾਂਗ ਢਹਿ-ਢੇਰੀ ਹੋ ਗਈ। ਹਾਦਸੇ ਦੇ ਸਮੇਂ ਇਮਾਰਤ ਦੇ ਅੰਦਰ ਕਈ ਮਜ਼ਦੂਰ ਕੰਮ ਕਰ ਰਹੇ ਸਨ, ਜੋ ਮਲਬੇ ਹੇਠਾਂ ਦੱਬ ਗਏ। ਇਸ ਭਿਆਨਕ ਹਾਦਸੇ ਵਿੱਚ ਇੱਕ ਮਜ਼ਦੂਰ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਕਈ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹਨ।
ਮਲਬੇ ਹੇਠ ਦੱਬੇ ਸਨ 7 ਮਜ਼ਦੂਰ
ਇਹ ਹਾਦਸਾ ਰਾਮਦਰਬਾਰ ਫੇਜ਼-2 ਸਥਿਤ ਪਲਾਟ ਨੰਬਰ 28/9 ਵਿੱਚ ਵਾਪਰਿਆ। ਇਮਾਰਤ ਡਿੱਗਣ ਕਾਰਨ ਕੁੱਲ 7 ਮਜ਼ਦੂਰ ਮਲਬੇ ਦੇ ਢੇਰ ਹੇਠਾਂ ਫਸ ਗਏ ਸਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ, ਫਾਇਰ ਬ੍ਰਿਗੇਡ ਅਤੇ ਰਾਹਤ ਟੀਮਾਂ ਮੌਕੇ ‘ਤੇ ਪਹੁੰਚੀਆਂ। ਸ਼ੁਰੂਆਤੀ ਬਚਾਅ ਕਾਰਜਾਂ ਦੌਰਾਨ ਪੰਜ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
NDRF ਦਾ 5 ਘੰਟੇ ਚੱਲਿਆ ਆਪ੍ਰੇਸ਼ਨ
ਬਾਕੀ ਦੋ ਮਜ਼ਦੂਰਾਂ ਨੂੰ ਬਾਹਰ ਕੱਢਣ ਲਈ NDRF ਦੀ ਟੀਮ ਨੇ ਮੋਰਚਾ ਸੰਭਾਲਿਆ। ਆਧੁਨਿਕ ਉਪਕਰਨਾਂ ਦੀ ਮਦਦ ਨਾਲ ਕਰੀਬ 5 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਦੋਵਾਂ ਨੂੰ ਬਾਹਰ ਕੱਢਿਆ ਗਿਆ। ਬਦਕਿਸਮਤੀ ਨਾਲ, ਇਨ੍ਹਾਂ ਵਿੱਚੋਂ ਇੱਕ ਮਜ਼ਦੂਰ ਦੀ ਮੌਤ ਹੋ ਗਈ, ਜਦੋਂ ਕਿ ਦੂਜੇ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ।
ਦੇਰੀ ਨਾਲ ਪਹੁੰਚੀ ਰਾਹਤ ਟੀਮ
ਸੂਤਰਾਂ ਮੁਤਾਬਕ, ਇਹ ਹਾਦਸਾ ਸ਼ਾਮ ਨੂੰ ਕਰੀਬ 4:15 ਵਜੇ ਵਾਪਰਿਆ ਸੀ, ਪਰ NDRF ਦੀ ਟੀਮ ਨੂੰ ਇਸ ਦੀ ਸੂਚਨਾ ਦੇਰੀ ਨਾਲ ਮਿਲੀ। ਇਸ ਤੋਂ ਇਲਾਵਾ, ਹਾਦਸ ਵਾਲੀ ਥਾਂ ਵੱਲ ਆਉਂਦੇ ਹੋਏ ਟੀਮ ਹੈਲੋਮਾਜਰਾ ਕੋਲ ਲੱਗੇ ਭਾਰੀ ਟ੍ਰੈਫਿਕ ਜਾਮ ਵਿੱਚ ਫਸ ਗਈ। ਇਸ ਕਾਰਨ ਰਾਹਤ ਟੀਮ ਸ਼ਾਮ ਸਵਾ ਸੱਤ ਵਜੇ (7:15) ਘਟਨਾ ਸਥਾਨ ‘ਤੇ ਪਹੁੰਚ ਸਕੀ।
ਪ੍ਰਸ਼ਾਸਨ ਵਲੋਂ ਜਾਂਚ ਸ਼ੁਰੂ
ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਨੇ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਢਲੀ ਜਾਂਚ ਵਿੱਚ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਮਾਰਤ ਦੇ ਡਿੱਗਣ ਪਿੱਛੇ ਕੀ ਕਾਰਨ ਸਨ ਅਤੇ ਕੀ ਨਿਰਮਾਣ ਕਾਰਜ ਦੌਰਾਨ ਸੁਰੱਖਿਆ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਸੀ ਜਾਂ ਨਹੀਂ। ਸੁਰੱਖਿਆ ਮਾਪਦੰਡਾਂ ਵਿੱਚ ਅਣਗਹਿਲੀ ਵਰਤਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



