ਬਠਿੰਡਾ : ਬਠਿੰਡਾ ਤੋਂ ਇੱਕ ਬੇਹੱਦ ਦਿਲ ਕੰਬਾਊ ਅਤੇ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ 21 ਸਤੰਬਰ ਦੀ ਰਾਤ ਨੂੰ ਗਣਪਤੀ ਵਿਸਰਜਨ ਦੌਰਾਨ ਨਹਿਰ ਵਿੱਚ ਡੁੱਬਣ ਕਾਰਨ ਲਾਪਤਾ ਹੋਏ ਦੋਵੇਂ ਮਾਸੂਮ ਭੈਣ-ਭਰਾ ਦੀਆਂ ਲਾਸ਼ਾਂ ਮਿਲ ਗਈਆਂ ਹਨ। ਪਹਿਲਾਂ ਛੋਟੀ ਭੈਣ ਅਤੇ ਹੁਣ 11 ਸਾਲਾ ਭਰਾ ਦੀ ਲਾਸ਼ ਬਰਾਮਦ ਹੋਣ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਭੈਣ ਨੂੰ ਬਚਾਉਂਦਿਆਂ ਨਹਿਰ ਵਿੱਚ ਡੁੱਬਿਆ ਸੀ ਮਾਸੂਮ ਭਰਾ
ਪ੍ਰਾਪਤ ਜਾਣਕਾਰੀ ਅਨੁਸਾਰ, ਬਠਿੰਡਾ ਵਿੱਚ 21 ਸਤੰਬਰ ਦੀ ਰਾਤ ਨੂੰ ਮਾਸੂਮ ਭੈਣ-ਭਰਾ ਆਪਣੇ ਪਰਿਵਾਰ ਨਾਲ ਗਣਪਤੀ ਵਿਸਰਜਨ ਕਰਨ ਗਏ ਸਨ। ਇਸ ਦੌਰਾਨ 6 ਸਾਲਾ ਮਾਸੂਮ ਭੈਣ ਅੰਜਨਾ ਦਾ ਅਚਾਨਕ ਪੈਰ ਫਿਸਲ ਗਿਆ ਅਤੇ ਉਹ ਨਹਿਰ ਵਿੱਚ ਜਾ ਡਿੱਗੀ। ਆਪਣੀ ਭੈਣ ਨੂੰ ਡੁੱਬਦਿਆਂ ਦੇਖ ਕੇ 11 ਸਾਲਾ ਵੱਡੇ ਭਰਾ ਪ੍ਰਿੰਸ ਨੇ ਉਸ ਨੂੰ ਬਚਾਉਣ ਲਈ ਤੁਰੰਤ ਨਹਿਰ ਵਿੱਚ ਛਲਾਂਗ ਮਾਰ ਦਿੱਤੀ। ਪਰ ਨਹਿਰ ਵਿੱਚ ਪਾਣੀ ਦਾ ਤੇਜ਼ ਵਹਾਅ ਹੋਣ ਕਾਰਨ ਦੋਵੇਂ ਮਾਸੂਮ ਪਾਣੀ ਵਿੱਚ ਡੁੱਬ ਗਏ ਅਤੇ ਲਾਪਤਾ ਹੋ ਗਏ।
ਸਮਾਜ ਸੇਵੀ ਸੰਸਥਾ ਦੀ ਭਾਲ ਤੋਂ ਬਾਅਦ ਮਿਲੀਆਂ ਲਾਸ਼ਾਂ
ਸਮਾਜ ਸੇਵੀ ਸੰਸਥਾ ਦੇ ਵਰਕਰਾਂ ਵੱਲੋਂ ਪਿਛਲੇ ਸੱਤ-ਅੱਠ ਦਿਨਾਂ ਤੋਂ ਲਗਾਤਾਰ ਮਾਸੂਮ ਭੈਣ-ਭਰਾ ਦੀ ਭਾਲ ਕੀਤੀ ਜਾ ਰਹੀ ਸੀ। ਹਾਦਸੇ ਦੇ ਸੱਤਵੇਂ ਦਿਨ ਕੱਲ੍ਹ 6 ਸਾਲਾ ਮਾਸੂਮ ਭੈਣ ਅੰਜਨਾ ਦੀ ਲਾਸ਼ ਪਿੰਡ ਲੰਬੀ ਦੀ ਕੱਸੀ ਵਿੱਚੋਂ ਬਰਾਮਦ ਹੋਈ ਸੀ। ਅੱਜ ਅੱਠਵੇਂ ਦਿਨ 11 ਸਾਲਾ ਭਰਾ ਪ੍ਰਿੰਸ ਦੀ ਲਾਸ਼ ਹਰਿਆਣਾ ਦੇ ਡੂਮਵਾਲੀ ਕੱਸੀ ਵਿੱਚੋਂ ਮਿਲ ਗਈ ਹੈ। ਸਮਾਜ ਸੇਵੀ ਸੰਸਥਾ ਦੇ ਸਹਾਰਾ ਵਰਕਰ ਸੰਦੀਪ ਸਿੰਘ ਗਿੱਲ ਅਤੇ ਸਰਕਾਰੀ ਹਸਪਤਾਲ ਬਠਿੰਡਾ ਦੇ ਡਾਕਟਰ ਅਨਿਲ ਕੁਮਾਰ ਨੇ ਦੱਸਿਆ ਕਿ ਸੰਸਥਾ ਦੇ ਸਹਿਯੋਗ ਨਾਲ ਦੋਵਾਂ ਬੱਚਿਆਂ ਦੀਆਂ ਮ੍ਰਿਤਕ ਦੇਹਾਂ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਗਿਆ ਹੈ। ਪੋਸਟਮਾਰਟਮ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਜਾਣਗੀਆਂ। ਇਸ ਦਰਦਨਾਕ ਘਟਨਾ ਨੇ ਪੂਰੇ ਸ਼ਹਿਰ ਨੂੰ ਗਮਗੀਨ ਕਰ ਦਿੱਤਾ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



