ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ (PU) ਵਿੱਚ ਮੰਗਲਵਾਰ ਸਵੇਰੇ ਇੱਕ ਬਹੁਤ ਹੀ ਦੁਖਦਾਈ ਘਟਨਾ ਵਾਪਰੀ, ਜਿੱਥੇ ਕਰੰਟ ਲੱਗਣ ਕਾਰਨ ਇੱਕ 28 ਸਾਲਾ PhD ਵਿਦਿਆਰਥਣ ਦੀ ਜਾਨ ਚਲੀ ਗਈ। ਮ੍ਰਿਤਕਾ ਦੀ ਪਛਾਣ ਜਯੋਤੀ ਵਜੋਂ ਹੋਈ ਹੈ, ਜੋ ਕਿ ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਦੇ ਪਿੰਡ ਕਕਰਾਲਾ ਦੀ ਰਹਿਣ ਵਾਲੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਜਯੋਤੀ ਦੀ ਅਗਲੇ ਮਹੀਨੇ ਵਿਆਹ ਹੋਣ ਵਾਲਾ ਸੀ ਅਤੇ ਉਹ ਆਪਣੇ ਵਿਆਹ ਦੀਆਂ ਤਿਆਰੀਆਂ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਸੀ।
ਕਿਵੇਂ ਵਾਪਰਿਆ ਦਰਦਨਾਕ ਹਾਦਸਾ?
ਮੰਗਲਵਾਰ ਸਵੇਰੇ ਲਗਭਗ 10 ਵਜੇ ਜਯੋਤੀ ਗਰਲਜ਼ ਹਾਸਟਲ ਨੰਬਰ 10 ਤੋਂ ਮਾਈਕ੍ਰੋਬਾਇਓਲੋਜੀ ਵਿਭਾਗ ਵੱਲ ਜਾ ਰਹੀ ਸੀ। ਹਾਸਟਲ ਤੋਂ ਬਾਹਰ ਗਰਲਜ਼ ਹਾਸਟਲ-8 ਅਤੇ UIET ਦੇ ਵਿਚਕਾਰਲੇ ਰੋਡ ‘ਤੇ ਬਾਰਿਸ਼ ਦਾ ਪਾਣੀ ਭਰਿਆ ਹੋਇਆ ਸੀ। ਪਾਣੀ ਤੋਂ ਬਚਣ ਲਈ ਜਦੋਂ ਉਹ ਨਾਲ ਲੱਗਦੇ ਕੱਚੇ ਰਸਤੇ ਤੋਂ ਲੰਘਣ ਲੱਗੀ, ਤਾਂ ਅਚਾਨਕ ਬੇਹੋਸ਼ ਹੋ ਕੇ ਹੇਠਾਂ ਡਿੱਗ ਪਈ। ਆਸ-ਪਾਸ ਦੇ ਵਿਦਿਆਰਥੀਆਂ ਨੇ ਤੁਰੰਤ ਉਸ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਜਗਾਉਣ ਦਾ ਯਤਨ ਕੀਤਾ, ਪਰ ਕੋਈ ਹਿਲਜੁਲ ਨਾ ਹੁੰਦੀ ਦੇਖ ਕੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਹਾਲਾਂਕਿ, ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਸ਼ੁਰੂਆਤੀ ਜਾਂਚ ਵਿੱਚ ਖ਼ਦਸ਼ਾ ਜਤਾਇਆ ਜਾ ਰਹਾ ਹੈ ਕਿ ਬਿਜਲੀ ਦੇ ਖੰਭੇ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਪਾਣੀ ਵਿੱਚ ਕਰੰਟ ਫੈਲ ਗਿਆ ਸੀ, ਜਿਸ ਦੀ ਲਪੇਟ ਵਿੱਚ ਆਉਣ ਨਾਲ ਇਹ ਭਾਣਾ ਵਰਤਿਆ।
“ਅਸਲੀ ਕਾਰਨਾਂ ਦਾ ਪਤਾ ਲੱਗਣ ‘ਤੇ ਹੀ ਲਵਾਂਗੇ ਮ੍ਰਿਤਕ ਦੇਹ” – ਪਰਿਵਾਰ
ਹਾਦਸੇ ਦੀ ਖ਼ਬਰ ਮਿਲਦਿਆਂ ਹੀ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਵਿੱਚ ਕੋਹਰਾਮ ਮੱਚ ਗਿਆ। ਚੰਡੀਗੜ੍ਹ ਪੁੱਜੇ ਮ੍ਰਿਤਕਾ ਦੇ ਚਾਚਾ ਜਿਤਿੰਦਰ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਜਦੋਂ ਤੱਕ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਨਹੀਂ ਲੱਗ ਜਾਂਦਾ ਅਤੇ ਲਾਪਰਵਾਹੀ ਵਰਤਣ ਵਾਲਿਆਂ ‘ਤੇ ਕਾਰਵਾਈ ਨਹੀਂ ਹੁੰਦੀ, ਉਹ ਦੇਹ ਨੂੰ ਕਬਜ਼ੇ ਵਿੱਚ ਨਹੀਂ ਲੈਣਗੇ। ਉੱਥੇ ਹੀ ਵਿਦਿਆਰਥੀਆਂ ਦਾ ਦੋਸ਼ ਹੈ ਕਿ ਬਾਰਿਸ਼ ਤੋਂ ਬਾਅਦ ਸਾਊਥ ਅਤੇ ਨੌਰਥ ਕੈਂਪਸ ‘ਚ ਅਕਸਰ ਪਾਣੀ ਭਰ ਜਾਂਦਾ ਹੈ, ਪਰ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦਿੰਦਾ। ਅਧਿਕਾਰੀਆਂ ਨੂੰ ਸ਼ਿਕਾਇਤ ਕਰਨ ‘ਤੇ ਵੀ ਕੋਈ ਠੋਸ ਹੱਲ ਨਹੀਂ ਕੱਢਿਆ ਗਿਆ।
ਕੈਂਪਸ ‘ਚ ਭੜਕਿਆ ਵਿਦਿਆਰਥੀਆਂ ਦਾ ਗੁੱਸਾ
ਇਸ ਹਾਦਸੇ ਤੋਂ ਬਾਅਦ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਗੁੱਸਾ ਫੁੱਟ ਪਿਆ। ਵੱਡੀ ਗਿਣਤੀ ‘ਚ ਇਕੱਠੇ ਹੋਏ ਵਿਦਿਆਰਥੀਆਂ ਨੇ ਪਹਿਲਾਂ ਧਰਨਾ ਦਿੱਤਾ ਅਤੇ ਬਾਅਦ ‘ਚ ਵੀਸੀ (VC) ਦੇ ਦਫ਼ਤਰ ਵੱਲ ਕੂਚ ਕੀਤਾ। ਮਾਹੌਲ ਤਣਾਅਪੂਰਨ ਹੁੰਦਾ ਦੇਖ ਸੁਰੱਖਿਆ ਕਰਮਚਾਰੀਆਂ ਨੇ ਮੁੱਖ ਗੇਟ ਬੰਦ ਕਰ ਦਿੱਤਾ, ਪਰ ਗੁੱਸੇ ਵਿੱਚ ਆਏ ਵਿਦਿਆਰਥੀਆਂ ਨੇ ਗੇਟ ਤੋੜ ਕੇ ਦਫ਼ਤਰ ਅੰਦਰ ਪ੍ਰਵੇਸ਼ ਕੀਤਾ ਅਤੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਸਥਿਤੀ ਨੂੰ ਕਾਬੂ ਹੇਠ ਕਰਨ ਲਈ ਚੰਡੀਗੜ੍ਹ ਪੁਲਿਸ ਦੀ ਭਾਰੀ ਨਫ਼ਰੀ ਤੈਨਾਤ ਕਰਨੀ ਪਈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਨਸ਼ੇ ਕਾਰਨ ਨੌਜਵਾਨ ਦੀ ਮੌਤ ਤੋਂ ਬਾਅਦ ਜਾਗੀ ਪੰਚਾਇਤ, ਨਸ਼ਾ ਤਸਕਰਾਂ ਖ਼ਿਲਾਫ਼ ਪਾਸ ਕੀਤਾ ਸਖ਼ਤ ਮਤਾ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

