ਚੰਡੀਗੜ੍ਹ (ਇੰਟ.)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੁੱਧਵਾਰ ਨੂੰ ਟੋਕੀਓ ਓਲੰਪਿਕਸ ਵਿੱਚ ਤਮਗਾ ਜੇਤੂਆਂ ਤੇ ਖਿਡਾਰੀਆਂ ਦੀ ਆਮਦ ਦੀ ਖ਼ੁਸ਼ੀ ਵਿੱਚ ਸ਼ੈੱਫ ਤੱਕ ਬਣ ਗਏ। ਸਵੇਰੇ 11 ਵਜੇ ਤੋਂ ਸ਼ਾਮੀਂ 5 ਵਜੇ ਤੱਕ, ਉਨ੍ਹਾਂ ਖਿਡਾਰੀਆਂ ਲਈ ਸ਼ਾਕਾਹਾਰੀ ਤੇ ਮਾਸਾਹਾਰੀ ਪਕਵਾਨ ਤਿਆਰ ਕੀਤੇ। ਜਦੋਂ ਖਿਡਾਰੀ ਰਾਤ ਨੂੰ ਪਹੁੰਚੇ ਤਾਂ ਕੈਪਟਨ ਨੇ ਉਨ੍ਹਾਂ ਦਾ ਸਵਾਗਤ ਕਰਨ ਤੋਂ ਬਾਅਦ ਉਨ੍ਹਾਂ ਲਈ ਖਾਣਾ ਪਰੋਸਿਆ। ਮੁੱਖ ਮੰਤਰੀ ਵਲੋਂ ਤਿਆਰ ਕੀਤਾ ਖਾਣਾ ਖਾਣ ਤੋਂ ਬਾਅਦ ਖਿਡਾਰੀ ਉਨ੍ਹਾਂ ਦੀ ਖਾਣਾ ਪਕਾਉਣ ਦੀ ਕਲਾ ਦੇ ਕਾਇਲ ਹੋ ਗਏ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਖਿਡਾਰੀਆਂ ਨੇ ਦੇਸ਼ ਨੂੰ ਮਾਣ ਦਿਵਾਉਣ ਲਈ ਸਖਤ ਮਿਹਨਤ ਕੀਤੀ, ਜੋ ਮੈਂ ਕੀਤਾ ਉਹ ਤਾਂ ਉਸ ਦੇ ਮੁਕਾਬਲੇ ਕੁਝ ਵੀ ਨਹੀਂ। ਮੁੱਖ ਮੰਤਰੀ ਨੇ ਖਿਡਾਰੀਆਂ ਨੂੰ ਵੱਡੇ ਪਤੀਲੇ ਵਿੱਚੋਂ ਸਿੱਧਾ ਭੋਜਨ ਪਰੋਸਿਆ। ਕੈਪਟਨ ਨੇ ਕਿਹਾ ਕਿ ਜਦੋਂ ਖਾਣਾ ਪਕਾਉਣ ਦੇ ਬਰਤਨ ਤੋਂ ਸਿੱਧਾ ਪਰੋਸਿਆ ਜਾਂਦਾ ਹੈ ਤਾਂ ਭੋਜਨ ਦਾ ਸਵਾਦ ਵਧੀਆ ਹੁੰਦਾ ਹੈ।
Read more- ਪੰਜਾਬ ਵਿਚ ਹੜਤਾਲ- ਸਰਕਾਰ ਦੇ ਨਾਲ ਮੀਟਿੰਗ ਬੇਸਿੱਟਾ, 2 ਘੰਟੇ ਦਾ ਬੰਦ ਰਹਿਣਗੇ ਬੱਸ ਸਟੈਂਡ
ਕੈਪਟਨ ਦੇ ਰਾਤ ਦੇ ਖਾਣੇ ਦੇ ਮੇਨਯੂ ਵਿੱਚ ਮਟਨ ਖੜ੍ਹਾ ਪਿਸ਼ੌਰੀ, ਲੌਂਗ ਇਲਾਇਚੀ ਚਿਕਨ, ਆਲੂ ਕੋਰਮਾ, ਦਾਲ ਮਸਰੀ, ਮੁਰਗ ਕੋਰਮਾ, ਦੁਗਾਨੀ ਬਿਰਯਾਨੀ ਤੇ ਮਿੱਠੀ ਡਿਸ਼ ਜ਼ਰਦਾ ਰਾਈਸ ਸ਼ਾਮਲ ਸਨ। ਰਾਤ ਦੇ ਖਾਣੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਹਾਕੀ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ‘ਮਹਾਰਾਜਾ’ ਕੈਪਟਨ ਅਮਰਿੰਦਰ ਸਿੰਘ ਦੇ ਖਾਣਾ ਪਕਾਉਣ ਬਾਰੇ ਸੁਣਿਆ ਸੀ ਪਰ ਸਵਾਦ ਉਮੀਦਾਂ ਤੋਂ ਕਿਤੇ ਵੱਧ ਨਿੱਕਲਿਆ। ਉਨ੍ਹਾਂ ਆਲੂ ਨੂੰ ਆਪਣਾ ਮਨਪਸੰਦ ਦੱਸਿਆ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਲੂ ਦੇ ਸੁਆਦ ਤੋਂ ਪਹਿਲਾਂ ਮਾਸਾਹਾਰੀ ਪਕਵਾਨ ਕਦੇ ਚਖਿਆ ਵੀ ਨਹੀਂ ਸੀ। ਇੰਝ ਹੀ ਡਿਸਕਸ ਥ੍ਰੋਅਰ ਕਮਲਪ੍ਰੀਤ ਕੌਰ ਨੇ ਕਿਹਾ ਕਿ ਉਹ ਕੈਪਟਨ ਵੱਲੋਂ ਪਕਾਏ ਖਾਣੇ ਤੇ ਪ੍ਰਾਹੁਣਚਾਰੀ ਤੋਂ ਬਹੁਤ ਪ੍ਰਭਾਵਿਤ ਹੋਏ ਹਨ। ਓਲੰਪਿਕ ਸੋਨ ਤਮਗ਼ਾ ਜੇਤੂ ਨੀਰਜ ਚੋਪੜਾ, ਜੋ ਹਰਿਆਣਾ ਦੇ ਰਹਿਣ ਵਾਲੇ ਹਨ, ਨੇ ਕੈਪਟਨ ਅਮਰਿੰਦਰ ਸਿੰਘ ਦੇ ਇਸ ਮੌਕੇ ਵਿਸ਼ੇਸ਼ ਮਹਿਮਾਨ ਸਨ। ਇਸ ਤੋਂ ਇਲਾਵਾ ਹਾਕੀ ਕਪਤਾਨ ਮਨਪ੍ਰੀਤ ਸਿੰਘ ਦੇ ਨਾਲ ਉਪ ਕਪਤਾਨ ਹਰਮਨਪ੍ਰੀਤ ਸਿੰਘ, ਖਿਡਾਰੀ ਮਨਦੀਪ ਸਿੰਘ, ਹਾਰਦਿਕ ਸਿੰਘ, ਰੁਪਿੰਦਰ ਪਾਲ ਸਿੰਘ, ਸ਼ਮਸ਼ੇਰ ਸਿੰਘ, ਦਿਲਪ੍ਰੀਤ ਸਿੰਘ, ਗੁਰਜੰਟ ਸਿੰਘ, ਵਰੁਣ ਕੁਮਾਰ ਤੇ ਸਿਮਰਜੀਤ ਸਿੰਘ ਵੀ ਸਨ।



