ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਤੋਂ (11 ਮਾਰਚ 2022)

ਗੋਂਡ ਮਹਲਾ ੫ ॥ਜਾ ਕਉ ਰਾਖੈ ਰਾਖਣਹਾਰੁ ॥ ਤਿਸ ਕਾ ਅੰਗੁ ਕਰੇ ਨਿਰੰਕਾਰੁ ॥੧॥ ਰਹਾਉ ॥ ਮਾਤ ਗਰਭ ਮਹਿ ਅਗਨਿ ਨ ਜੋਹੈ ॥ ਕਾਮੁ ਕ਼੍ਰੋਧੁ…

ਗੋਂਡ ਮਹਲਾ ੫ ॥
ਜਾ ਕਉ ਰਾਖੈ ਰਾਖਣਹਾਰੁ ॥ ਤਿਸ ਕਾ ਅੰਗੁ ਕਰੇ ਨਿਰੰਕਾਰੁ ॥੧॥ ਰਹਾਉ ॥ ਮਾਤ ਗਰਭ ਮਹਿ ਅਗਨਿ ਨ ਜੋਹੈ ॥ ਕਾਮੁ ਕ਼੍ਰੋਧੁ ਲੋਭੁ ਮੋਹੁ ਨ ਪੋਹੈ ॥ ਸਾਧਸੰਗਿ ਜਪੈ ਨਿਰੰਕਾਰੁ ॥ ਨਿੰਦਕ ਕੈ ਮੁਹਿ ਲਾਗੈ ਛਾਰੁ ॥੧॥ ਰਾਮ ਕਵਚੁ ਦਾਸ ਕਾ ਸੰਨਾਹੁ ॥ ਦੂਤ ਦੁਸਟ ਤਿਸੁ ਪੋਹਤ ਨਾਹਿ ॥ ਜੋ ਜੋ ਗਰਬੁ ਕਰੇ ਸੋ ਜਾਇ ॥ ਗਰੀਬ ਦਾਸ ਕੀ ਪ੍ਰਭੁ ਸਰਣਾਇ ॥੨॥ ਜੋ ਜੋ ਸਰਣਿ ਪਇਆ ਹਰਿ ਰਾਇ ॥ ਸੋ ਦਾਸੁ ਰਖਿਆ ਅਪਣੈ ਕੰਠਿ ਲਾਇ ॥ ਜੇ ਕੋ ਬਹੁਤੁ ਕਰੇ ਅਹੰਕਾਰੁ ॥ ਓਹੁ ਖਿਨੁ ਮਹਿ ਰੁਲਤਾ ਖਾਕੂ ਨਾਲਿ ॥੩॥ ਹੈ ਭੀ ਸਾਚਾ ਹੋਵਣਹਾਰੁ ॥ ਸਦਾ ਸਦਾ ਜਾਈਂ ਬਲਿਹਾਰ ॥ ਅਪਣੇ ਦਾਸ ਰਖੇ ਕਿਰਪਾ ਧਾਰਿ ॥ ਨਾਨਕ ਕੇ ਪ੍ਰਭ ਪ੍ਰਾਣ ਅਧਾਰ ॥੪॥੧੮॥੨੦॥

ਪੰਜਾਬੀ ਵਿਆਖਿਆ :
ਗੋਂਡ ਮਹਲਾ 5 ॥
ਹੇ ਭਾਈ! ਜਿਸ ਮਨੁੱਖ ਨੂੰ ਰੱਖਣ-ਜੋਗ ਪ੍ਰਭੂ (ਕਾਮਾਦਿਕ ਵਿਕਾਰਾਂ ਤੋਂ) ਬਚਾਣਾ ਚਾਹੁੰਦਾ ਹੈ, ਪ੍ਰਭੂ ਉਸ ਮਨੁੱਖ ਦਾ ਪੱਖ ਕਰਦਾ ਹੈ (ਉਸ ਦੀ ਮਦਦ ਕਰਦਾ ਹੈ) ।੧।ਰਹਾਉ। ਹੇ ਭਾਈ! (ਜਿਵੇਂ ਜੀਵ ਨੂੰ) ਮਾਂ ਦੇ ਪੇਟ ਵਿਚ ਅੱਗ ਦੁੱਖ ਨਹੀਂ ਦੇਂਦੀ, (ਤਿਵੇਂ ਪ੍ਰਭੂ ਜਿਸ ਮਨੁੱਖ ਦਾ ਪੱਖ ਕਰਦਾ ਹੈ, ਉੁਸ ਨੂੰ) ਕਾਮ, ਕ੍ਰੋਧ, ਲੋਭ, ਮੋਹ (ਕੋਈ ਭੀ) ਆਪਣੇ ਦਬਾਉ ਵਿਚ ਨਹੀਂ ਲਿਆ ਸਕਦਾ । ਉਹ ਮਨੁੱਖ ਗੁਰੂ ਦੀ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਜਪਦਾ ਹੈ, (ਪਰ ਉਸ) ਦੀ ਨਿੰਦਾ ਕਰਨ ਵਾਲੇ ਮਨੁੱਖ ਦੇ ਸਿਰ ਉਤੇ ਸੁਆਹ ਪੈਂਦੀ ਹੈ (ਨਿੰਦਕ ਬਦਨਾਮੀ ਹੀ ਖੱਟਦਾ ਹੈ) ।੧। ਹੇ ਭਾਈ! ਪਰਮਾਤਮਾ (ਦਾ ਨਾਮ) ਸੇਵਕ ਵਾਸਤੇ (ਸ਼ਸਤ੍ਰਾਂ ਦੀ ਮਾਰ ਤੋਂ ਬਚਾਣ ਵਾਲਾ) ਤੰਤ਼੍ਰ ਹੈ, ਸੰਜੋਅ ਹੈ (ਜਿਸ ਮਨੁੱਖ ਦੇ ਪਾਸ ਰਾਮ-ਨਾਮ ਦਾ ਕਵਚ ਹੈ ਸੰਜੋਅ ਹੈ) ਉਸ ਨੂੰ (ਕਾਮਾਦਿਕ) ਚੰਦਰੇ ਵੈਰੀ ਪੋਹ ਨਹੀਂ ਸਕਦੇ । (ਪਰ) ਜੇਹੜਾ ਜੇਹੜਾ ਮਨੁੱਖ (ਆਪਣੀ ਤਾਕਤ ਦਾ) ਮਾਣ ਕਰਦਾ ਹੈ, ਉਹ (ਆਤਮਕ ਜੀਵਨ ਵਲੋਂ) ਤਬਾਹ ਹੋ ਜਾਂਦਾ ਹੈ । ਗ਼ਰੀਬ ਦਾ ਆਸਰਾ ਸੇਵਕ ਦਾ ਆਸਰਾ ਪ੍ਰਭੂ ਆਪ ਹੈ ।੨। ਹੇ ਭਾਈ! ਜੇਹੜਾ ਜੇਹੜਾ ਮਨੁੱਖ ਪ੍ਰਭੂ ਪਾਤਿਸ਼ਾਹ ਦੀ ਸਰਨੀ ਪੈ ਜਾਂਦਾ ਹੈ, ਉਸ ਸੇਵਕ ਨੂੰ ਪ੍ਰਭੂ ਆਪਣੇ ਗਲ ਨਾਲ ਲਾ ਕੇ (ਦੁਸਟ ਦੂਤਾਂ ਤੋਂ) ਬਚਾ ਲੈਂਦਾ ਹੈ । ਪਰ ਜੇਹੜਾ ਮਨੁੱਖ (ਆਪਣੀ ਹੀ ਤਾਕਤ ਉਤੇ) ਬੜਾ ਮਾਣ ਕਰਦਾ ਹੈ, ਉਹ ਮਨੁੱਖਾਂ (ਇਹਨਾਂ ਦੂਤਾਂ ਦੇ ਟਾਕਰੇ ਤੇ) ਇਕ ਖਿਨ ਵਿਚ ਹੀ ਮਿੱਟੀ ਵਿਚ ਮਿਲ ਜਾਂਦਾ ਹੈ ।੩। ਹੇ ਭਾਈ! ਸਦਾ ਕਾਇਮ ਰਹਿਣ ਵਾਲਾ ਪ੍ਰਭੂ ਹੁਣ ਭੀ ਮੌਜੂਦ ਹੈ, ਸਦਾ ਲਈ ਮੌਜੂਦ ਰਹੇਗਾ । ਮੈਂ ਸਦਾ ਉੁਸੇ ਉਤੋਂ ਸਦਕੇ ਜਾਂਦਾ ਹਾਂ । ਹੇ ਭਾਈ! ਨਾਨਕ ਦੇ ਪ੍ਰਭੂ ਜੀ ਆਪਣੇ ਦਾਸਾਂ ਦੀ ਜਿੰਦ ਦਾ ਆਸਰਾ ਹਨ । ਪ੍ਰਭੂ ਆਪਣੇ ਦਾਸ ਨੂੰ ਕਿਰਪਾ ਕਰ ਕੇ (ਵਿਕਾਰਾਂ ਤੋਂ ਸਦਾ) ਬਚਾਂਦਾ ਹੈ
।੪।੧੮।੨੦। 

Leave a Reply

Your email address will not be published. Required fields are marked *