ਨਾਭਾ : ਪੰਜਾਬ ਵਿੱਚ ਅਪਰਾਧਿਕ ਵਾਰਦਾਤਾਂ ਅਤੇ ਚੋਰੀ ਦੀਆਂ ਘਟਨਾਵਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲਾ ਨਾਭਾ ਦੀ ਭਗਵਾਨ ਕਲੋਨੀ ਤੋਂ ਸਾਹਮਣੇ ਆਇਆ ਹੈ, ਜਿੱਥੇ ਬੇਖ਼ੌਫ਼ ਚੋਰਾਂ ਨੇ ਇੱਕੋ ਹੀ ਰਾਤ ਵਿੱਚ ਲਗਾਤਾਰ ਤਿੰਨ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਲੱਖਾਂ ਰੁਪਏ ਦੇ ਨੁਕਸਾਨ ਨੂੰ ਅੰਜਾਮ ਦਿੱਤਾ। ਇਹ ਪੂਰੀ ਘਟਨਾ ਇਲਾਕੇ ਵਿੱਚ ਲੱਗੇ CCTV ਕੈਮਰਿਆਂ ਵਿੱਚ ਕੈਦ ਹੋ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਦੇਰ ਰਾਤ ਜਦੋਂ ਤੇਜ਼ ਬਾਰਿਸ਼ ਦੌਰਾਨ ਇਲਾਕੇ ਦੀ ਬਿਜਲੀ ਗੁੱਲ ਹੋ ਗਈ, ਤਾਂ ਚੋਰਾਂ ਨੇ ਇਸ ਦਾ ਫ਼ਾਇਦਾ ਚੁੱਕਿਆ। ਤੜਕੇ ਕਰੀਬ 3 ਵਜੇ ਇੱਕ ਸ਼ਾਤਰ ਚੋਰ ਨੇ ਸਭ ਤੋਂ ਪਹਿਲਾਂ ਇੱਕ ਕਰਿਆਨੇ ਦੀ ਦੁਕਾਨ ਦੇ ਚੁਬਾਰੇ ਦਾ ਗੇਟ ਅੰਦਰੋਂ ਤੋੜ ਕੇ ਦਾਖਲਾ ਲਿਆ। ਦੁਕਾਨ ਅੰਦਰੋਂ ਚੋਰ 13 ਹਜ਼ਾਰ ਰੁਪਏ ਦੀ ਨਕਦੀ, 5 ਕਿੱਲੋ ਕਾਜੂ, 5 ਕਿੱਲੋ ਬਦਾਮ, ਸ਼ਗਨਾਂ ਵਾਲੇ ਲਿਫ਼ਾਫ਼ੇ ਅਤੇ ਮਿਰਚਾਂ ਤੱਕ ਨਾਲ ਲੈ ਗਿਆ।
ਕਰਿਆਨੇ ਦੀ ਦੁਕਾਨ ਤੋਂ ਬਾਅਦ ਚੋਰ ਨੇ ਨਾਲ ਲੱਗਦੀ ਫ੍ਰਿਜ-ਏਸੀ ਸਰਵਿਸ ਦੀ ਦੁਕਾਨ ਵਿੱਚ ਪਾੜ ਲਗਾ ਦਿੱਤਾ। ਚੋਰ ਨੇ ਗੱਲਾ ਤੋੜ ਕੇ 10 ਹਜ਼ਾਰ ਰੁਪਏ ਨਕਦ ਅਤੇ ਕਾਪਰ ਵਾਇਰ (ਤਾਬੇ ਦੀ ਤਾਰ) ਦੇ ਰੋਲ ਚੋਰੀ ਕਰ ਲਏ। ਇਸ ਤੋਂ ਇਲਾਵਾ ਉਸ ਨੇ ਇੱਕ ਮੋਬਾਈਲ ਸ਼ਾਪ ਨੂੰ ਵੀ ਨਿਸ਼ਾਨਾ ਬਣਾਇਆ। ਚੋਰ ਤਿੰਨਾਂ ਦੁਕਾਨਾਂ ਤੋਂ ਕੁੱਲ ਮਿਲਾ ਕੇ ਹਜ਼ਾਰਾਂ ਦੀ ਨਕਦੀ ਅਤੇ ਕਰੀਬ 50 ਹਜ਼ਾਰ ਰੁਪਏ ਦਾ ਸਮਾਨ ਲੈ ਕੇ ਰਫ਼ੂ-ਚੱਕਰ ਹੋ ਗਿਆ।
ਇਸ ਚੋਰੀ ਦੀ ਵਾਰਦਾਤ ਦੀ ਇੱਕ CCTV ਫੁਟੇਜ ਵੀ ਸਾਹਮਣੇ ਆਈ ਹੈ। ਵੀਡੀਓ ਵਿੱਚ ਚੋਰ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਚੋਰੀ ਕੀਤਾ ਸਮਾਨ ਥੈਲੇ ਵਿੱਚ ਪਾ ਕੇ ਮੋਢੇ ‘ਤੇ ਰੱਖ ਕੇ ਬੇਖ਼ੌਫ਼ ਤੁਰਦਾ ਹੋਇਆ ਜਾਂਦਾ ਦਿਖਾਈ ਦੇ ਰਿਹਾ ਹੈ। ਪੀੜਤ ਦੁਕਾਨਦਾਰਾਂ ਅਨੁਸਾਰ ਚੋਰ ਨੇ ਹੋਰ ਵੀ ਕਈ ਦੁਕਾਨਾਂ ਦੇ ਤਾਲੇ ਤੋੜਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਦੇ ਲੋਹੇ ਦੇ ਗੇਟ ਅਤੇ ਠੋਸ ਸ਼ਟਰ ਹੋਣ ਕਰਕੇ ਬਾਕੀ ਦੁਕਾਨਾਂ ਬਚ ਗਈਆਂ।
ਕਰਿਆਨਾ ਦੁਕਾਨ ਦੇ ਮਾਲਕ ਰਮੇਸ਼ ਕੁਮਾਰ ਅਤੇ ਏਸੀ ਰਿਪੇਅਰ ਦੇ ਮਾਲਕ ਜੋਗਿੰਦਰ ਸਿੰਘ ਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਪੁਲਿਸ ਵੱਲੋਂ ਫੋਰੀ ਕਾਰਵਾਈ ਕਰਦਿਆਂ ਚੋਰ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਿਆ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
Punjab Police alert for Independence Day: ਸ਼ਹਿਰ ‘ਚ ਸੁਰੱਖਿਆ ਪ੍ਰਬੰਧ ਸਖ਼ਤ, ਕੀਤੀ ਗਈ ਵਿਸ਼ੇਸ਼ ਨਾਕਾਬੰਦੀ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



