ਗੁਰਦਾਸਪੁਰ: ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਹਲਕੇ ਡੇਰਾ ਬਾਬਾ ਨਾਨਕ ਵਿੱਚ ਜ਼ਹਿਰੀਲੇ ਸੱਪਾਂ ਖਾਸ ਕਰਕੇ ‘ਕਾਮਨ ਕ੍ਰੇਟ’ ਸੱਪ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਜ਼ਹਿਰੀਲੇ ਸੱਪ ਦੀ ਖਾਸਿਅਤ ਇਹ ਹੈ ਕਿ ਕੱਟਣ ਵੇਲੇ ਤੁਰੰਤ ਪਤਾ ਨਹੀਂ ਲੱਗਦਾ ਅਤੇ ਇਸ ਦਾ ਅਸਰ 1-2 ਘੰਟੇ ਬਾਅਦ ਦਿਖਾਈ ਦਿੰਦਾ ਹੈ। ਅਜਿਹਾ ਹੀ ਇੱਕ ਖੌਫ਼ਨਾਕ ਮਾਮਲਾ ਹਲਕੇ ਦੇ ਪਿੰਡ ਕੋਟ ਮੌਲਵੀ ਤੋਂ ਸਾਹਮਣੇ ਆਇਆ ਹੈ, ਜਿੱਥੇ ਸ਼ਨੀਵਾਰ ਰਾਤ ਨੂੰ ਲਵਪ੍ਰੀਤ ਨਾਂ ਦੇ ਨੌਜਵਾਨ ਨੂੰ ਇਸ ਖ਼ਤਰਨਾਕ ਸੱਪ ਨੇ ਆਪਣਾ ਸ਼ਿਕਾਰ ਬਣਾ ਲਿਆ। ਪੀੜਤ ਨੂੰ 4-5 ਦਿਨ ਹਸਪਤਾਲ ਵਿੱਚ ਇਲਾਜ ਕਰਵਾਉਣ ਤੋਂ ਬਾਅਦ ਛੁੱਟੀ ਮਿਲੀ ਹੈ।
ਘਟਨਾ ਬਾਰੇ ਜਾਣਕਾਰੀ ਦਿੰਦਿਆਂ ਪੀੜਤ ਨੌਜਵਾਨ ਲਵਪ੍ਰੀਤ ਨੇ ਦੱਸਿਆ ਕਿ ਜਦੋਂ ਉਸ ਨੂੰ ਸੱਪ ਨੇ ਕੱਟਿਆ ਤਾਂ ਉਸ ਨੂੰ ਮੌਕੇ ‘ਤੇ ਬਿਲਕੁਲ ਵੀ ਪਤਾ ਨਹੀਂ ਲੱਗਿਆ। ਉਸ ਦੀ ਪਤਨੀ ਦੀ ਲੱਤ ਨੂੰ ਜਦੋਂ ਸੱਪ ਦਾ ਵੱਟ ਲੱਗਿਆ ਤਾਂ ਉਹ ਦਰਦ ਨਾਲ ਚੀਕ ਉੱਠੀ। ਜਦੋਂ ਲਾਈਟ ਜਗਾ ਕੇ ਦੇਖਿਆ ਗਿਆ ਤਾਂ ਹੋਸ਼ ਉੱਡ ਗਏ, ਕਿਉਂਕਿ ਸੱਪ ਨੇ ਉਸ ਦੀ ਲੱਤ ਨੂੰ ਬੁਰੀ ਤਰ੍ਹਾਂ ਜਕੜਿਆ ਹੋਇਆ ਸੀ। ਲਵਪ੍ਰੀਤ ਨੇ ਦੱਸਿਆ ਕਿ ਉਸ ਨੇ ਆਪਣੇ ਹੱਥਾਂ ਨਾਲ ਸੱਪ ਨੂੰ ਲੱਤ ਤੋਂ ਛੁਡਾ ਕੇ ਹੇਠਾਂ ਸੁੱਟਿਆ, ਜੋ ਕਿ ਬਾਅਦ ਵਿੱਚ ਅਲਮਾਰੀ ਦੇ ਹੇਠਾਂ ਜਾ ਵੜਿਆ। ਜਦੋਂ ਉਨ੍ਹਾਂ ਨੇ ਡੰਡੇ ਦੀ ਮਦਦ ਨਾਲ ਸੱਪ ਨੂੰ ਬਾਹਰ ਕੱਢਿਆ ਤਾਂ ਸਾਰੀ ਸਥਿਤੀ ਸਾਹਮਣੇ ਆਈ।
ਸੱਪ ਦੇ ਕੱਟਣ ਤੋਂ ਕੁਝ ਦੇਰ ਬਾਅਦ ਲਵਪ੍ਰੀਤ ਦੀ ਹਾਲਤ ਵਿਗੜਨ ਲੱਗੀ। ਉਸ ਨੂੰ ਚੱਕਰ ਆਉਣ ਲੱਗੇ, ਗਲਾ ਘੁੱਟਣ ਲੱਗਾ ਅਤੇ ਸਾਹ ਲੈਣ ਵਿੱਚ ਭਾਰੀ ਤਕ਼ਲੀਫ਼ ਮਹਿਸੂਸ ਹੋਈ। ਪਰਿਵਾਰਕ ਮੈਂਬਰਾਂ ਨੇ ਬਿਨਾਂ ਦੇਰੀ ਕੀਤੇ ਉਸ ਨੂੰ ਤੁਰੰਤ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿਖੇ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਦੀ ਦੇਖ-ਰੇਖ ਹੇਠ 4-5 ਦਿਨ ਚੱਲੇ ਇਲਾਜ ਤੋਂ ਬਾਅਦ ਉਸ ਦੀ ਜਾਨ ਬਚ ਗਈ ਅਤੇ ਹੁਣ ਉਸ ਨੂੰ ਛੁੱਟੀ ਮਿਲ ਗਈ ਹੈ।
ਪੀੜਤ ਲਵਪ੍ਰੀਤ ਦੇ ਪਿਤਾ ਦਿਲਬਾਗ ਸਿੰਘ ਨੇ ਆਪਣੇ ਬੇਟੇ ਦੇ ਸਹੀ-ਸਲਾਮਤ ਘਰ ਪਰਤਣ ‘ਤੇ ਭਾਵੁਕ ਹੁੰਦਿਆਂ ਖ਼ੁਸ਼ੀ ਜ਼ਾਹਿਰ ਕੀਤੀ ਅਤੇ ਕਿਹਾ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਉਨ੍ਹਾਂ ਦੇ ਪੁੱਤਰ ਨੂੰ ਨਵਾਂ ਜੀਵਨ ਮਿਲਿਆ ਹੈ। ਇਸ ਘਟਨਾ ਤੋਂ ਬਾਅਦ ਪਿੰਡ ਅਤੇ ਆਸ-ਪਾਸ ਦੇ ਇਲਾਕੇ ਵਿੱਚ ਸੱਪਾਂ ਦੇ ਡਰ ਕਾਰਨ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ, ਅਤੇ ਲੋਕ ਰਾਤ ਸਮੇਂ ਖ਼ਾਸ ਸਾਵਧਾਨੀਆਂ ਵਰਤ ਰਹੇ ਹਨ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।


