ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅਮਰੀਕਾ ਵਿਚ ਅਸ਼ਵੇਤ ਨਾਗਰਿਕ ਜੋਰਜ ਫਲਾਈਡ ਦੀ ਪੁਲਿਸ ਹਿਰਾਸਤ ਵਿਚ ਹੋਈ ਮੌਤ ਤੋਂ ਬਾਅਦ ਸ਼ੁਰੂ ਹੋਏ ਪ੍ਰਦਰਸ਼ਨ ਲਗਾਤਾਰ ਖਤਨਾਕ ਰੂਪ ਲੈਂਦੇ ਜਾ ਰਹੇ ਹਨ। ਪ੍ਰਦਰਸ਼ਨਾਂ ਦੌਰਾਨ ਹੋ ਰਹੀਆਂ ਹਿੰਸਕ ਘਟਨਾਵਾਂ ਨੇ ਦੇਸ਼ ਵਿਚ ਹਾਲਾਤਾਂ ਨੂੰ ਵਿਗਾੜ ਦਿੱਤਾ ਹੈ ਜਿਸ ਤੋਂ ਬਾਅਦ ਅਮਰੀਕੀ ਸਰਕਾਰ ਨੇ ਪੂਰੇ ਦੇਸ਼ ਵਿਚ 17 ਹਜ਼ਾਰ ਨੈਸ਼ਨਲ ਗਾਰਡਾਂ ਨੂੰ ਤਾਇਨਾਤ ਕਰ ਦਿੱਤਾ ਹੈ।
ਦਰਅਸਲ ਜੋਰਜ ਦੀ ਮੌਤ ਤੋਂ ਬਾਅਦ ਸ਼ੁਰੂ ਹੋਏ ਪ੍ਰਦਰਸ਼ਨ ਹਿੰਸਕ ਰੂਪ ਵਿਚ ਤਬਦੀਲ ਹੋ ਗਏ ਹਨ। ਬੇਕਾਬੂ ਹੋਈ ਭੀੜ ਅੱਗਜ਼ਨੀ, ਲੁੱਟ ਖੋਹ ਅਤੇ ਭੰਨਤੋੜ ਕਰਨ ਉੱਤੇ ਉੱਤਰੀ ਹੋਈ ਹੈ ਜਿਸ ਅੱਗੇ ਪੁਲਿਸ ਵੀ ਬੇੱਬਸ ਨਜ਼ਰ ਆ ਰਹੀ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਦੇਸ਼ ਦੇ ਛੇ ਵੱਡੇ ਸੂਬਿਆਂ ਅਤੇ 13 ਵੱਡੇ ਸ਼ਹਿਰ ਵਿਚ ਐਮਰਜੈਂਸੀ ਐਲਾਨ ਦਿੱਤੀ ਹੈ। ਇਨ੍ਹਾਂ ਪ੍ਰਦਰਸ਼ਨਾਂ ਵਿਚ ਘੱਟ ਤੋਂ ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 4 ਹਜ਼ਾਰ ਤੋਂ ਵੱਧ ਲੋਕਾਂ ਨੂੰ ਗਿਰਫਤਾਰ ਕੀਤਾ ਜਾ ਚੁੱਕਿਆ ਹੈ। ਦੇਸ਼ ਦੇ 40 ਸ਼ਹਿਰਾਂ ਵਿਚ ਕਰਫਿਊ ਲਗਾਇਆ ਗਿਆ ਹੈ। ਇਕ ਹਫ਼ਤੇ ਤੋਂ ਜਾਰੀ ਪ੍ਰਦਰਸ਼ਨਾਂ ਕਾਰਨ ਅਰਬਾਂ ਡਾਲਰ ਦੀ ਪ੍ਰਾਪਰਟੀ ਬਰਬਾਦ ਹੋ ਗਈ ਹੈ। ਰਿਪੋਰਟਾਂ ਅਨੁਸਾਰ ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ”ਅੱਜ ਮੈ ਹਰੇਕ ਗਵਰਨਰ ਨੂੰ ਸੜਕਾਂ ‘ਤੇ ਨੈਸ਼ਨਲ ਗਾਰਡਾਂ ਦੀ ਜ਼ਿਆਦਾ ਸੰਖਿਆ ਵਿਚ ਤਾਇਨਾਤੀ ਕਰਨ ਲਈ ਸਿਫਾਰਸ਼ ਕੀਤੀ ਹੈ। ਮੇਅਰਾਂ ਅਤੇ ਗਵਰਨਰਾਂ ਨੂੰ ਲਾਜ਼ਮੀ ਤੌਰ ਉੱਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਜਾਂ ਅਧਿਕਾਰੀਆਂ ਦੀ ਮੌਜੂਦਗੀ ਨੂੰ ਨਿਸ਼ਚਤ ਕਰਨਾ ਲਾਜ਼ਮੀ ਹੈ, ਜਦੋਂ ਤੱਕ ਹਿੰਸਾ ਖਤਮ ਨਹੀਂ ਹੋ ਜਾਂਦੀ”।
ਜ਼ਿਕਰਯੋਗ ਹੈ ਕਿ 25 ਮਈ ਨੂੰ ਮਿਨੇਸੋਟਾ ਵਿਚ ਅਸ਼ਵੇਤ ਨਾਗਰਿਕ ਜੋਰਜ ਫਲਾਈਡ ਦੀ ਪੁਲਿਸ ਹਿਰਾਸਤ ਵਿਚ ਮੌਤ ਹੋ ਗਈ ਸੀ। ਪੁਲਿਸ ਨੇ ਉਸ ਨੂੰ ਕੇਵਲ 20 ਡਾਲਰ ਦੇ ਨਕਲੀ ਨੋਟ ਚਲਾਉਣ ਦੇ ਆਰੋਪ ਵਿਚ ਫੜਿਆ ਸੀ ਅਤੇ ਇਕ ਪੁਲਿਸ ਮੁਲਾਜ਼ਮ ਨੇ ਉਸ ਨੂੰ ਜ਼ਮੀਨ ਉੱਤੇ ਲਿਟਾ ਕੇ ਉਸ ਦੀ ਗਰਦਨ ਨੂੰ ਪੈਰ ਨਾਲ ਉਦੋਂ ਤੱਕ ਦਬਾ ਕੇ ਰੱਖਿਆ ਸੀ ਜਦੋਂ ਤੱਕ ਉਸ ਦੀ ਮੌਤ ਨਹੀਂ ਹੋ ਗਈ। ਇਸ ਪੂਰੀ ਘਟਨਾ ਦੀ ਸੋਸ਼ਲ ਮੀਡੀਆ ਉੱਤੇ ਵੀਡੀਓ ਵਾਇਰਲ ਹੋ ਗਈ ਸੀ ਜਿਸ ਤੋਂ ਬਾਅਦ ਅਮਰੀਕਾ ਦੇ ਲੋਕਾਂ ਵਿਚ ਪੁਲਿਸ ਦੀ ਬਰਬਤਾ ਅਤੇ ਨਸਲ ਭੇਦਭਾਵ ਵਿਰੁੱਧ ਭਾਰੀ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ। ਨਾ ਸਿਰਫ ਅਸ਼ਵੇਤ (ਕਾਲੇ) ਸਮੁਦਾਏ ਦੇ ਲੋਕ ਬਲਕਿ ਗੋਰੇ ਲੋਕ ਵੀ ਇਸ ਪ੍ਰਦਰਸ਼ਨ ਨੂੰ ਲੈ ਕੇ ਸੜਕਾਂ ਉੱਤੇ ਹਨ।


