ਗੁਰਦਾਸਪੁਰ : ਗੁਰਦਾਸਪੁਰ ਸ਼ਹਿਰ ਵਿੱਚ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਤਾਂ ਖ਼ਤਮ ਹੋ ਗਈ ਹੈ, ਪਰ ਇੱਥੋਂ ਦੇ ਵਸਨੀਕਾਂ ਦੀਆਂ ਮੁਸ਼ਕਿਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ। ਨਗਰ ਕੌਂਸਲ ਨੇ ਗਲੀਆਂ ਅਤੇ ਸੜਕਾਂ ਤੋਂ ਕੂੜਾ ਚੁੱਕ ਕੇ ਉਸ ਦਾ ਸਹੀ ਨਿਪਟਾਰਾ ਕਰਨ ਦੀ ਬਜਾਏ, ਉਸ ਨੂੰ ਸ਼ਹਿਰ ਦੀ ਇੱਕ ਇਤਿਹਾਸਕ ਪਾਰਕ ਅਤੇ ਬਾਈਪਾਸ ਸੜਕ ਦੇ ਕਿਨਾਰਿਆਂ ‘ਤੇ ਸੁੱਟਣਾ ਸ਼ੁਰੂ ਕਰ ਦਿੱਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਜਗ੍ਹਾ ਨੂੰ ਕੂੜੇ ਦੇ ਡੰਪ ਵਿੱਚ ਤਬਦੀਲ ਕੀਤਾ ਗਿਆ ਹੈ, ਉਹ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਨਾਂ ‘ਤੇ ਬਣੀ ‘ਨਹਿਰੂ ਪਾਰਕ’ ਹੈ। ਨਗਰ ਕੌਂਸਲ ਵੱਲੋਂ ਜਿਸ ਪਾਰਕ ਨੂੰ ਖੂਬਸੂਰਤ ਬਣਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਸਨ, ਉਹ ਅੱਜ ਬਦਬੂ ਮਾਰ ਰਿਹਾ ਹੈ।
ਪਾਰਕਿੰਗ, ਖੇਡ ਮੈਦਾਨ ਅਤੇ ਵੇਰਕਾ ਬੂਥ ਕੂੜੇ ਦੇ ਢੇਰ ਹੇਠ ਦੱਬੇ
ਜ਼ਿਕਰਯੋਗ ਹੈ ਕਿ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਨੂੰ ਸੁਲਝਾਉਣ ਲਈ ਇਸ ਪਾਰਕ ਦੇ ਇੱਕ ਹਿੱਸੇ ਵਿੱਚ ਪਾਰਕਿੰਗ ਬਣਾਈ ਗਈ ਸੀ ਅਤੇ ਨੌਜਵਾਨਾਂ ਦੇ ਖੇਡਣ ਲਈ ਇੱਥੇ ਇੱਕ ਵਾਲੀਬਾਲ ਗਰਾਊਂਡ ਵੀ ਮੌਜੂਦ ਹੈ। ਇਸ ਤੋਂ ਇਲਾਵਾ, ਪਾਰਕ ਦੇ ਅੰਦਰ ਇੱਕ ਵੇਰਕਾ ਮਿਲਕ ਪਲਾਂਟ ਦਾ ਬੂਥ ਹੈ ਅਤੇ ਬਾਹਰ ਖਾਣ-ਪੀਣ ਦੀਆਂ ਦੁਕਾਨਾਂ ਤੇ ਸਬਜ਼ੀਆਂ ਦੀਆਂ ਰੇਹੜੀਆਂ ਲੱਗਦੀਆਂ ਹਨ। ਪਰ ਹੁਣ ਪੂਰੀ ਪਾਰਕ ਕੂੜੇ ਨਾਲ ਨੱਕੋ-ਨੱਕ ਭਰ ਚੁੱਕੀ ਹੈ। ਕੂੜੇ ਵਿੱਚੋਂ ਉੱਠ ਰਹੀ ਅਸਹਿ ਬਦਬੂ ਕਾਰਨ ਆਸ-ਪਾਸ ਦੇ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਦਾ ਜੀਣਾ ਮੁਹਾਲ ਹੋ ਗਿਆ ਹੈ ਅਤੇ ਉੱਥੇ ਆਉਣ ਵਾਲੇ ਗਾਹਕਾਂ ਦੀ ਸਿਹਤ ‘ਤੇ ਵੀ ਵੱਡਾ ਖਤਰਾ ਮੰਡਰਾ ਰਿਹਾ ਹੈ।
ਦੇਰ ਸ਼ਾਮ ਕੂੜੇ ਨੂੰ ਲਗਾਈ ਜਾਂਦੀ ਹੈ ਅੱਗ
ਮਾਮਲਾ ਸਿਰਫ਼ ਕੂੜਾ ਸੁੱਟਣ ਤੱਕ ਹੀ ਸੀਮਤ ਨਹੀਂ ਹੈ, ਬਲਕਿ ਦੇਰ ਸ਼ਾਮ ਇਸ ਕੂੜੇ ਦੇ ਢੇਰਾਂ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ। ਇਸ ਅੱਗ ਵਿੱਚੋਂ ਨਿਕਲਣ ਵਾਲਾ ਜ਼ਹਿਰੀਲਾ ਧੂੰਆਂ ਸ਼ਹਿਰ ਵਾਸੀਆਂ ਦੇ ਫੇਫੜਿਆਂ ਵਿੱਚ ਜਾ ਰਿਹਾ ਹੈ, ਜੋ ਕਿ ਬੇਹੱਦ ਖ਼ਤਰਨਾਕ ਸਾਬਤ ਹੋ ਸਕਦਾ ਹੈ। ਇਹੀ ਚਿੰਤਾਜਨਕ ਹਾਲਤ ਆਲੇਚੱਕ ਪਿੰਡ ਤੋਂ ਬੱਬਰੀ ਹਾਈਵੇਅ ਵੱਲ ਜਾਂਦੇ ਬਾਈਪਾਸ ਰੋਡ ਦੀ ਹੈ, ਜਿੱਥੇ ਸੜਕ ਕਿਨਾਰੇ ਕੂੜੇ ਦੇ ਪਹਾੜ ਖੜ੍ਹੇ ਕਰ ਦਿੱਤੇ ਗਏ ਹਨ। ਇੱਥੇ ਕੂੜੇ ਨੂੰ ਲਗਾਈ ਜਾਂਦੀ ਅੱਗ ਕਾਰਨ ਵਨ ਵਿਭਾਗ ਵੱਲੋਂ ਸੜਕ ਕਿਨਾਰੇ ਲਗਾਏ ਗਏ ਕੀਮਤੀ ਹਰੇ-ਭਰੇ ਦਰਖਤਾਂ ਨੂੰ ਵੀ ਭਾਰੀ ਨੁਕਸਾਨ ਪਹੁੰਚ ਰਿਹਾ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਕੂੜੇ ਨੂੰ ਤੁਰੰਤ ਇੱਥੋਂ ਚੁੱਕਵਾ ਕੇ ਸ਼ਹਿਰ ਵਾਸੀਆਂ ਨੂੰ ਇਸ ਨਰਕ ਭਰੀ ਜ਼ਿੰਦਗੀ ਤੋਂ ਨਿਜਾਤ ਦਿਵਾਈ ਜਾਵੇ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਅਦਾਲਤ ਨੂੰ ਗੁਮਰਾਹ ਕਰਕੇ ਫਰਜ਼ੀ ਦਸਤਾਵੇਜ਼ਾਂ ‘ਤੇ ਜ਼ਮਾਨਤਾਂ ਕਰਵਾਉਣ ਵਾਲੇ ਗਿਰੋਹ ਦੇ 3 ਮੈਂਬਰ ਗ੍ਰਿਫ਼ਤਾਰ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



