ਬੀਜਿੰਗ : ਚੀਨ ਨੇ ਬੁੱਧਵਾਰ ਨੂੰ ਦੇਸ਼ ਦੀ ਸਭ ਤੋਂ ਪ੍ਰਸਿੱਧ ਕਾਮੇਡੀ ਕੰਪਨੀ ’ਤੇ 147 ਲੱਖ ਯੂਆਨ (21.3 ਲੱਖ ਡਾਲਰ) ਦਾ ਜੁਰਮਾਨਾ ਲਗਾਇਆ ਹੈ ਕਿਉਂਕਿ ਉਸ ਨੇ ਕਮਿਊਨਿਸਟ ਪਾਰਟੀ ਦੀ ਆਰਮੀ ਦਾ ਮਜ਼ਾਕ ਉਡਾਇਆ ਸੀ। ਰਿਪੋਰਟ ਮੁਤਾਬਕ, ਕਾਮੇਡੀ ਕੰਪਨੀ ਦੇ ਇਕ ਕਾਮੇਡੀਅਨ ਨੇ ਫ਼ੌਜ ਦਾ ਮਜ਼ਾਕ ਉਡਾਇਆ।
ਇੰਟਰਨੈੱਟ ਮੀਡੀਆ ਨੈੱਟਵਰਕ ਵੀਬੋ ’ਤੇ ਪੋਸਟ ਕੀਤੇ ਗਏ ਆਡੀਓ ਮੁਤਾਬਕ, ਲੀ ਹਾਓਸ਼ੀ ਨੇ ਸ਼ਨਿਚਰਵਾਰ ਨੂੰ ਬੀਜਿੰਗ ’ਚ ਸ਼ੋਅ ਦੌਰਾਨ ਪੀਐੱਲਏ ਦੇ ਇਕ ਖ਼ਾਸ ਨਾਅਰੇ ਦਾ ਜ਼ਿਕਰ ਕੀਤਾ ਸੀ। ਦਰਅਸਲ ਸ਼ੋਅ ਦੌਰਾਨ ਕਾਮੇਡੀਅਨ ਲੀ ਹਾਓਸ਼ੀ ਆਪਣੇ ਪਾਲਤੂ ਕੁੱਤਿਆਂ ਵੱਲੋਂ ਗਲਹਿਰੀ ਦਾ ਪਿੱਛਾ ਕਰਨ ਦਾ ਜ਼ਿਕਰ ਕਰ ਰਹੇ ਸਨ। ਇਸੇ ਦੌਰਾਨ ਉਨ੍ਹਾਂ ਨੇ ਕੰਮ ਕਰਨ ਦੇ ਮਾਹਿਰ, ਜੰਗ ਜਿੱਤਣ ਦੇ ਸਮਰੱਥ ਨਾਅਰੇ ਦਾ ਜ਼ਿਕਰ ਕੀਤਾ। ਇਹ ਚੀਨੀ ਫ਼ੌਜ ਦਾ ਨਾਅਰਾ ਹੈ। ਆਡੀਓ ਵਾਇਰਲ ਹੋਣ ਤੋਂ ਬਾਅਦ ਚੀਨੀ ਅਧਿਕਾਰੀ ਭੜਕ ਗਏ। ਲੀ ਹਾਓਸ਼ੀ ਦੀ ਕੰਪਨੀ ਦਾ ਨਾਂ ਸ਼ਿਆਓਗੁਓ ਕਲਚਰ ਮੀਡੀਆ ਦੱਸਿਆ ਗਿਆ ਹੈ।
