ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਸੰਕਟ ਵਿਚਾਲੇ ਵਿਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਵੰਦੇ ਭਾਰਤ ਮਿਸ਼ਨ ਅਧੀਨ ਦੇਸ਼ ਵਾਪਸ ਲਿਆਇਆ ਜਾ ਰਿਹਾ ਹੈ। ਇਸੇ ਤਹਿਤ ਅੱਜ ਏਅਰ ਇੰਡੀਆਂ ਦੀ ਇਕ ਫਲਾਈਟ ਨੇ ਦਿੱਲੀ ਤੋਂ ਮਾਸਕੋ ਲਈ ਉਡਾਣ ਭਰੀ ਸੀ ਪਰ ਜਦੋਂ ਜ਼ਮੀਨ ‘ਤੇ ਮੌਜੂਦ ਅਧਿਕਾਰੀਆਂ ਨੂੰ ਇਹ ਪਤਾ ਲੱਗਿਆ ਕਿ ਜਹਾਜ਼ ਉੱਡਾ ਰਿਹਾ ਪਾਇਲਟ ਕੋਰੋਨਾ ਪਾਜ਼ੀਟਿਵ ਹੈ ਤਾਂ ਫਲਾਈਟ ਨੂੰ ਅੱਧੇ ਰਸਤੇ ਤੋਂ ਹੀ ਵਾਪਸ ਦਿੱਲੀ ਬੁਲਾ ਲਿਆ ਗਿਆ।
ਮੀਡੀਆ ਰਿਪੋਰਟਾਂ ਅਨੁਸਾਰ ਅਧਿਕਾਰੀਆਂ ਨੇ ਜਹਾਜ਼ ਦੇ ਪਾਇਲਟ ਦੀ ਕੋਰੋਨਾ ਪਾਜ਼ੀਟਿਵ ਰਿਪੋਰਟ ਨੂੰ ਗਲਤੀ ਨਾਲ ਨੈਗੇਟਿਵ ਪੜ ਲਿਆ ਸੀ। ਅਜਿਹਾ ਇਸ ਲਈ ਹੋਇਆ ਕਿਉਂਕਿ ਰੋਜ਼ਾਨਾ ਬਹੁਤ ਸਾਰੇ ਲੋਕਾਂ ਦੀ ਰਿਪੋਰਟਾਂ ਨੂੰ ਵੇਖਿਆ ਜਾਂਦਾ ਹੈ। ਇੱਕਲੇ ਦਿੱਲੀ ਵਿਚ ਹੀ ਹਰ ਰੋਜ਼ ਜਹਾਜ਼ ਦੇ 300 ਕਰੂ ਮੈਂਬਰਾਂ ਦੀ ਰਿਪੋਰਟ ਦੇ ਨਤੀਜੇ ਪੜ੍ਹੇ ਜਾਂਦੇ ਹਨ। ਅੱਜ ਜਦੋਂ ਇਸ ਜਹਾਜ਼ ਨੇ ਦਿੱਲੀ ਤੋਂ ਮਾਸਕੋ ਲਈ ਉਡਾਣ ਭਰੀ ਤਾਂ ਦੋ ਘੰਟੇ ਬਾਅਦ ਇਕ ਹੋਰ ਮੈਂਬਰ ਨੇ ਉਡਾਣ ਭਰ ਚੁੱਕੀ ਫਲਾਈਟ ਦੇ ਕਰੂ ਮੈਂਬਰਾਂ ਦੀ ਜਾਂਚ ਰਿਪੋਰਟ ਦੁਬਾਰਾ ਪੜ੍ਹੀ ਜਿਸ ਵਿਚ ਪਾਇਲਟ ਦੇ ਕੋਰੋਨਾ ਪਾਜ਼ੀਟਿਵ ਹੋਣ ਦਾ ਪਤਾ ਚੱਲਿਆ। ਰਿਪੋਰਟਾਂ ਮੁਤਾਬਕ ਜਹਾਜ਼ ਨੂੰ ਤੁਰੰਤ ਦਿੱਲੀ ਵਾਪਸ ਆਉਣ ਲਈ ਕਿਹਾ ਗਿਆ ਅਤੇ ਇਹ 12.30 ਵਜੇ ਵਾਪਸ ਦਿੱਲੀ ਏਅਰਪੋਰਟ ਉੱਤੇ ਲੌੈਡ ਕਰ ਗਿਆ। ਇਸ ਤੋਂ ਬਾਅਦ ਪਾਇਲਟ ਸਮੇਤ ਕਰੂ ਮੈਂਬਰਾ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ ਅਤੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਏਅਰ ਇੰਡੀਆ ਦੇ ਦੂਜੇ ਜਹਾਜ਼ ਨੂੰ ਮਾਸਕੋ ਲਈ ਰਵਾਨਾ ਕੀਤਾ ਗਿਆ ਹੈ। ਦੱਸ ਦਈਏ ਕਿ ਹਾਲ ‘ਚ ਹੀ ਸਿਵਲ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਕੋਰੋਨਾ ਲਾਕਡਾਊਨ ਕਾਰਨ ਵਿਦੇਸ਼ਾਂ ਵਿਚ ਫਸੇ 30 ਹਜ਼ਾਰ ਭਾਰਤੀਆਂ ਨੂੰ 158 ਜਹਾਜ਼ਾਂ ਰਾਹੀ ਆਪਣੇ ਦੇਸ਼ ਵਾਪਸ ਲਿਆਇਆ ਜਾ ਚੁੱਕਿਆ ਹੈ।

