ਕਪੂਰਥਲਾ ‘ਚ ਰਿਸ਼ਤੇ ਉਸ ਵੇਲੇ ਤਾਰ-ਤਾਰ ਹੋ ਗਏ, ਜਦੋਂ ਪਿਤਾ ਵਲੋਂ ਨਾਬਾਲਗ ਧੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ। ਨਾਬਾਲਿਗਾ ਦੀ ਮਾਂ ਦੀ ਸ਼ਿਕਾਇਤ ਉਤੇ ਥਾਣਾ ਸਿਟੀ ਦੀ ਪੁਲਿਸ ਨੇ ਮੁਲਜ਼ਮ ਪਿਤਾ ਖਿਲਾਫ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਐਸਐਚਓ ਸੰਜੀਵਨ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਮਹਿਤਾਬਗੜ੍ਹ ਦੀ ਰਹਿਣ ਵਾਲੀ ਇਕ ਔਰਤ ਨੇ ਥਾਣਾ ਸਿਟੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੀ ਇਕ 17 ਸਾਲਾ ਲੜਕੀ ਹੈ। ਉਸ ਦਾ ਦੂਜਾ ਵਿਆਹ ਰੌਸ਼ਨ ਲਾਲ ਵਾਸੀ ਸ਼ਰਮਾ ਕਾਲੋਨੀ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਹ ਆਪਣੇ ਬੱਚਿਆਂ ਸਮੇਤ ਕਪੂਰਥਲਾ ਦੀ ਇੱਕ ਕਾਲੋਨੀ ਵਿੱਚ ਕਿਰਾਏ ਦੇ ਮਕਾਨ ਵਿੱਚ ਰੋਸ਼ਨ ਲਾਲ ਨਾਲ ਰਹਿਣ ਲੱਗੀ।
ਉਸ ਨੇ ਦੱਸਿਆ ਕਿ ਉਹ ਰੋਸ਼ਨ ਲਾਲ ਨਾਲ ਕਰੀਬ ਇੱਕ ਸਾਲ ਤੋਂ ਰਹਿ ਰਹੀ ਸੀ। ਇੱਕ ਮਹੀਨਾ ਪਹਿਲਾਂ ਉਹ ਆਪਣੀ ਧੀ ਨਾਲ ਘਰ ਵਿੱਚ ਸੁੱਤੀ ਪਈ ਸੀ ਤਾਂ ਰੌਸ਼ਨ ਲਾਲ ਉਸ ਦੀ ਬਾਂਹ ਫੜ ਕੇ ਉਸ ਨੂੰ ਜਗਾ ਰਿਹਾ ਸੀ। ਇਸ ਦੌਰਾਨ ਉਸ ਦੀ ਜਾਗ ਖੁੱਲ ਗਈ । ਜਦੋਂ ਉਸ ਨੇ ਰੋਸ਼ਨ ਲਾਲ ਨੂੰ ਧੀ ਨੂੰ ਇਸ ਤਰ੍ਹਾਂ ਜਗਾਉਣ ਬਾਰੇ ਪੁੱਛਿਆ ਤਾਂ ਉਸ ਨੇ ਸਵਾਲ ਟਾਲ ਦਿੱਤਾ।
ਇਸ ਤੋਂ ਬਾਅਦ ਜਦੋਂ ਉਸ ਨੇ ਆਪਣੀ ਲੜਕੀ ਤੋਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ 17 ਜਨਵਰੀ 2024 ਨੂੰ ਜਦੋਂ ਉਹ (ਉਸ ਦੀ ਮਾਂ) ਕਿਸੇ ਨਾਲ ਕੰਮ ਲਈ ਬਾਹਰ ਗਈ ਹੋਈ ਸੀ ਤਾਂ ਉਸ ਦਿਨ ਸਾਢੇ 3 ਤੋਂ 4 ਵਜੇ ਦੇ ਦਰਮਿਆਨ ਰੌਸ਼ਨ ਲਾਲ ਨੇ ਦੋ ਵਾਰ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਥਾਣਾ ਸਿਟੀ ਪੁਲਿਸ ਨੇ ਪੀੜਤ ਨਾਬਾਲਗ ਦੀ ਮਾਂ ਦੀ ਸ਼ਿਕਾਇਤ ’ਤੇ ਮੁਲਜ਼ਮ ਰੌਸ਼ਨ ਲਾਲ ਖ਼ਿਲਾਫ਼ ਧਾਰਾ 376 ਆਈਪੀਸੀ ਅਤੇ ਪੋਕਸੋ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।
