ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੀ.ਆਰ.ਟੀ.ਸੀ. ਦੇ ਦੋ ਮੁਲਾਜ਼ਮਾਂ ਦੀ ਪਿੱਠ ਥਾਪੜੀ ਹੈ ਕਿਉਂਕਿ ਉਨ੍ਹਾਂ ਨੇ ਇਮਾਨਦਾਰੀ ਦੀ ਇਕ ਮਿਸਾਲ ਪੇਸ਼ ਕੀਤੀ ਹੈ। ਇਸ ਦੌਰਾਨ ਮੁੱਖ ਮੰਤਰੀ ਵਲੋਂ ਇਕ ਵੀਡੀਓ ਇਨ੍ਹਾਂ ਦੋਹਾਂ ਮੁਲਾਜ਼ਮਾਂ ਨੂੰ ਨਾਲ ਬਿਠਾਇਆ ਹੋਇਆ ਹੈ ਅਤੇ ਉਨ੍ਹਾਂ ਦੀ ਇਸ ਘਟਨਾ ਬਾਰੇ ਦੱਸ ਰਹੇ ਹਨ। ਵੀਡੀਓ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਮਾਨਦਾਰੀ ਕਮਾਉਣੀ ਔਖੀ ਹੈ, ਜਦੋਂ ਕਿ ਗਲਤ ਤਰੀਕੇ ਨਾਲ ਤਾਂ ਬਹੁਤ ਲੋਕ ਪੈਸੇ ਕਮਾਂ ਲੈਂਦੇ ਹਨ ਪ੍ਰਾਪਰਟੀਆਂ ਬਣਾ ਲੈਂਦੇ ਹਨ, ਨਾਜਾਇਜ਼ ਕਬਜ਼ੇ ਕਰ ਲੈਂਦੇ ਹਨ ਪਰ ਇਮਾਨਦਾਰੀ ਦੀ ਰੋਟੀ ਖਾਣ ਵਾਲਾ ਕੋਈ-ਕੋਈ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਮਾਨਦਾਰੀ ਤੁਹਾਡੇ ਮਨ ਨੂੰ ਸਕੂਨ ਦਿੰਦੀ ਹੈ। ਬਾਹਰਲੀਆਂ ਅਦਾਲਤਾਂ ‘ਚੋਂ ਅਜਿਹੇ ਲੋਕ ਵਧੀਆ ਵਕੀਲ ਕਰਕੇ ਬਰੀ ਵੀ ਹੋ ਜਾਂਦੇ ਨੇ। ਪਰ ਜਿਹੜੀ ਕਚਿਹਰੀ ਮਨ ਦੇ ਅੰਦਰ ਲੱਗਦੀ ਹੈ ਸੱਚਾਈ ਉਸ ਤੋਂ ਕੋਈ ਜ਼ਮਾਨਤ ਨਹੀਂ ਮਿਲਦੀ।ਉਨ੍ਹਾਂ ਦੇ ਮਨ ਵਿਚ ਹਮੇਸ਼ਾ ਡਰ ਬਣਿਆ ਰਹਿੰਦਾ ਹੈ ਕਿ ਮੈਂ ਅੱਜ ਨਾ ਫੜਿਆ ਜਾਵਾਂ, ਅੱਜ ਨਾ ਫੜਿਆ ਜਾਵਾਂ। ਪਰ ਕਹਿੰਦੇ ਨੇ ਕਿ ਦੁਨੀਆ ਕਿਸੇ ਨਾ ਕਿਸੇ ਤਰੀਕੇ ਚੱਲਦੀ ਹੈ।
ਇਮਾਨਦਾਰੀ ਦੀ ਮਿਸਾਲ…
ਕੁਝ ਦਿਨ ਪਹਿਲਾਂ ਕੋਈ ਬੰਦਾ ਪੈਸਿਆਂ ਨਾਲ ਭਰਿਆ ਬੈਗ…ਜਿਸ ‘ਚ ₹4.30 ਲੱਖ ਸੀ…PRTC ਬੱਸ ‘ਚ ਭੁੱਲ ਗਿਆ…ਪਰ ਬੱਸ ਮੁਲਾਜ਼ਮਾਂ ਨੇ ਬੈਗ ਸਹੀ ਸਲਾਮਤ ਉਸ ਬੰਦੇ ਤੱਕ ਪਹੁੰਚਦਾ ਕੀਤਾ…ਅੱਜ ਦੋਵੇਂ ਮੁਲਾਜ਼ਮਾਂ ਨਾਲ ਮੁਲਾਕਾਤ ਕੀਤੀ…ਇਮਾਨਦਾਰੀ ਲਈ ਹੱਲਾਸ਼ੇਰੀ ਤੇ ਹੌਂਸਲਾ-ਅਫ਼ਜਾਈ ਕੀਤੀ…
ਇਮਾਨਦਾਰੀ ਸਕੂਨ ਦਿੰਦੀ ਹੈ… pic.twitter.com/vB0v2GmMAl
— Bhagwant Mann (@BhagwantMann) August 5, 2022
ਸਾਰੇ ਲੋਕ ਇਕੋ ਜਿਹੇ ਨਹੀਂ ਹੁੰਦੇ। ਮੇਰੇ ਨੇੜੇ ਦੋ ਹੋਣਹਾਰ ਮੁਲਾਜ਼ਮ ਬੈਠੇ ਹਨ ਡਿੰਪਲ ਕੁਮਾਰ ਜੋ ਪੀ.ਆਰ.ਟੀ.ਸੀ. ਦੇ ਕੰਡਕਟਰ ਹਨ ਤੇ ਸੁਖਚੈਨ ਸਿੰਘ ਜੋ ਬੱਸ ਡਰਾਈਵਰ ਹਨ। ਪਿਛਲੇ ਦਿਨੀਂ ਇਕ ਕਿਸਾਨ ਜਿਸ ਨੇ ਟ੍ਰੈਕਟਰ ਲੈਣਾ ਸੀ ਤੇ ਉਹ ਆਪਣਾ ਪੈਸਿਆਂ ਦਾ ਬੈਗ ਲੈ ਕੇ ਬੱਸ ‘ਚ ਚੜ੍ਹਿਆ ਸੀ ਤੇ ਉਹ ਆਪਣਾ ਬੈਗ ਬੱਸ ਵਿਚ ਹੀ ਭੁੱਲ ਗਿਆ। ਬੱਸ ਅੱਗੇ ਚਲੀ ਗਈ ਤੇ ਬਾਅਦ ਵਿਚ ਇਨ੍ਹਾਂ ਵਲੋਂ ਕਿਸਾਨ ਨਾਲ ਸੰਪਰਕ ਕੀਤਾ ਗਿਆ ਅਤੇ ਕਿਸਾਨ ਦੇ ਸਾਰੇ ਪੈਸੇ ਇਨ੍ਹਾਂ ਮੁਲਾਜ਼ਮਾਂ ਵਲੋਂ ਉਸ ਨੂੰ ਵਾਪਸ ਕਰ ਦਿੱਤੇ ਗਏ। ਉਸ ਬੈਗ ਵਿਚ 4 ਲੱਖ 30 ਹਜ਼ਾਰ ਤੋਂ ਉਪਰ ਪੈਸੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਮੁਲਾਜ਼ਮਾਂ ਨੇ ਅੱਜ ਦੇ ਜ਼ਮਾਨੇ ਵਿਚ ਇਮਾਨਦਾਰੀ ਦੀ ਇਕ ਮਿਸਾਲ ਪੈਦਾ ਕੀਤੀ ਹੈ, ਜਿਸ ਦੀ ਪੰਜਾਬ ਸਰਕਾਰ ਵਲੋਂ ਸ਼ਲਾਘਾ ਕੀਤੀ ਜਾ ਰਹੀ ਹੈ।



