ਸਮਰਾਲਾ : ਸਮਰਾਲਾ ਦੇ ਨਾਲ ਲੱਗਦੇ ਪਿੰਡ ਤੋਂ ਇੱਕ ਬੇਹੱਦ ਦੁਖਦਾਈ ਅਤੇ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਨਸ਼ੇ ਦੇ ਆਦੀ ਨੌਜਵਾਨ ਨੇ ਨਸ਼ੇ ਦੀ ਤੋੜ ਵਿੱਚ ਆਪਣੇ ਹੀ ਸਕੇ ਪਿਤਾ ਉੱਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਹਿਮ ਅਤੇ ਦੁੱਖ ਦਾ ਮਾਹੌਲ ਹੈ।
ਮੋਟਰਸਾਈਕਲ ਦੀ ਭੰਨਤੋੜ ਤੋਂ ਬਾਅਦ ਪਿਤਾ ਨੂੰ ਬਣਾਇਆ ਨਿਸ਼ਾਨਾ
ਪੀੜਤ ਪਿਤਾ ਗੁਰਪ੍ਰੀਤ ਸਿੰਘ ਨੇ ਆਪਣੀ ਹੱਡਬੀਤੀ ਸਾਂਝੀ ਕਰਦਿਆਂ ਦੱਸਿਆ ਕਿ ਸ਼ਾਮ ਕਰੀਬ ਸਾਢੇ ਛੇ ਤੋਂ ਸੱਤ ਵਜੇ ਦੇ ਵਿਚਕਾਰ ਘਰ ਵਿੱਚ ਆਮ ਤਕਰਾਰ ਚੱਲ ਰਹੀ ਸੀ। ਇਸ ਦੌਰਾਨ ਉਸਦਾ ਪੁੱਤਰ ਗੁੱਸੇ ਵਿੱਚ ਘਰੋਂ ਬਾਹਰ ਗਿਆ ਅਤੇ ਮੋਟਰਸਾਈਕਲ ਦੀ ਭੰਨਤੋੜ ਕਰਨ ਲੱਗ ਪਿਆ। ਜਦੋਂ ਪੀੜਤ ਦੀ ਪਤਨੀ ਨੇ ਉਸਨੂੰ ਬਾਹਰ ਹੰਗਾਮਾ ਹੋਣ ਬਾਰੇ ਦੱਸਿਆ ਤਾਂ ਪਿਤਾ ਬਾਹਰ ਵੱਲ ਗਏ। ਇਸ ਦੌਰਾਨ ਕਥਿਤ ਤੌਰ ‘ਤੇ ਨਸ਼ੇ ਦੀ ਹਾਲਤ ਵਿੱਚ ਅੰਨ੍ਹੇ ਹੋਏ ਪੁੱਤਰ ਨੇ ਆਪਣੇ ਹੀ ਪਿਤਾ ਦੇ ਸਿਰ ‘ਤੇ ਤੇਜ਼ਧਾਰ ਹਥਿਆਰ ਨਾਲ ਮਾਰੂ ਵਾਰ ਕਰ ਦਿੱਤੇ, ਜਿਸ ਨਾਲ ਉਹ ਲਹੂ-ਲੁਹਾਣ ਹੋ ਕੇ ਡਿੱਗ ਪਏ। ਪੀੜਤ ਨੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਉਸਦਾ ਪੁੱਤਰ ਨਾ ਸਿਰਫ਼ ਨਸ਼ਾ ਕਰਨ ਦਾ ਆਦੀ ਹੈ, ਸਗੋਂ ਨਸ਼ਾ ਵੇਚਣ ਦਾ ਧੰਦਾ ਵੀ ਕਰਦਾ ਹੈ।
ਗੰਭੀਰ ਸੱਟਾਂ ਕਾਰਨ ਪੀੜਤ ਪਿਤਾ ਦੀ ਹੋਈ ਸਰਜਰੀ
ਇਸ ਘਟਨਾ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਪਿਤਾ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਡਾਕਟਰ ਡਾ. ਅਵਨੀਤ ਕੌਰ ਨੇ ਦੱਸਿਆ ਕਿ ਮਰੀਜ਼ ਦੇ ਸਿਰ ‘ਤੇ ਕਾਫ਼ੀ ਗੰਭੀਰ ਸੱਟਾਂ ਲੱਗੀਆਂ ਸਨ। ਮਰੀਜ਼ ਦੀ ਹਾਲਤ ਅਤੇ ਸੱਟਾਂ ਦੀ ਨਾਜ਼ੁਕ ਸਥਿਤੀ ਨੂੰ ਦੇਖਦਿਆਂ ਡਾਕਟਰਾਂ ਵੱਲੋਂ ਤੁਰੰਤ ਉਸਦੀ ਸਰਜਰੀ ਕੀਤੀ ਗਈ ਹੈ।
ਪੁਲਿਸ ਦਾ ਬਿਆਨ
ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਹਰਕਤ ਵਿੱਚ ਆ ਗਈ ਹੈ। ਸਮਰਾਲਾ ਦੇ ਐਸ.ਐਚ.ਓ. ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੀੜਤ ਦੇ ਅਧਿਕਾਰਤ ਬਿਆਨ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬਿਆਨ ਸਾਹਮਣੇ ਆਉਣ ਤੋਂ ਬਾਅਦ ਮਾਮਲੇ ਦੀ ਅਸਲ ਸਥਿਤੀ ਪੂਰੀ ਤਰ੍ਹਾਂ ਸਪਸ਼ਟ ਹੋਵੇਗੀ ਅਤੇ ਜਾਂਚ ਵਿੱਚ ਸਾਹਮਣੇ ਆਏ ਤੱਥਾਂ ਦੇ ਆਧਾਰ ‘ਤੇ ਕਾਨੂੰਨ ਅਨੁਸਾਰ ਬਣਦੀ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਭੈਣ ਦੇ ਵਿਆਹ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲੀਆਂ: ਕਾਰਡ ਵੰਡਣ ਜਾ ਰਹੇ ਨਾਬਾਲਗ ਭਰਾ ਦੀ ਸੜਕ ਹਾਦਸੇ ਵਿੱਚ ਮੌਤ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



