ਅਜਨਾਲਾ: ਅਜਨਾਲਾ ਸ਼ਹਿਰ ਦੇ ਫਤਿਹਗੜ੍ਹ ਚੂੜੀਆਂ ਰੋਡ ‘ਤੇ ਸਥਿਤ ਇੱਕ ਘਰ ਵਿੱਚ ਭਿਆਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਅੱਗ ਇੰਨੀ ਭਿਆਨਕ ਸੀ ਕਿ ਇਸ ਨੇ ਪੂਰੀ ਬਿਲਡਿੰਗ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਘਰ ਵਿੱਚ ਖੜ੍ਹੀਆਂ ਦੋ ਗੱਡੀਆਂ ਅਤੇ ਹੋਰ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਭਾਰੀ ਜੱਦੋ-ਜਹਿਦ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ।
ਚਿਰਾਗ ਤੋਂ ਸ਼ੁਰੂ ਹੋਈ ਅੱਗ ਨੇ ਧਾਰਿਆ ਰੌਦਰ ਰੂਪ
ਪੀੜਤ ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਘਰ ਦੇ ਅੰਦਰ ਹੀ ਪੀਰਾਂ ਦੀ ਇੱਕ ਜਗ੍ਹਾ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉੱਥੇ ਬਾਲੇ ਗਏ ਚਿਰਾਗ ਤੋਂ ਅਚਾਨਕ ਅੱਗ ਭੜਕ ਗਈ, ਜਿਸ ਨੇ ਦੇਖਦੇ ਹੀ ਦੇਖਦੇ ਭਿਆਨਕ ਰੂਪ ਧਾਰ ਲਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅੱਗ ਕਾਰਨ ਘਰ ਦੀ ਪੂਰੀ ਬਿਲਡਿੰਗ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਘਰ ਅੰਦਰ ਮੌਜੂਦ ਦੋ ਗੱਡੀਆਂ ਵੀ ਪੂਰੀ ਤਰ੍ਹਾਂ ਸੜ ਚੁੱਕੀਆਂ ਹਨ।
ਕਰੀਬ 50 ਲੱਖ ਰੁਪਏ ਦਾ ਹੋਇਆ ਨੁਕਸਾਨ
ਪੀੜਤ ਪਰਿਵਾਰ ਨੇ ਆਪਣਾ ਦਰਦ ਸਾਂਝਾ ਕਰਦਿਆਂ ਦੱਸਿਆ ਕਿ ਇਸ ਅਗਨਕਾਂਡ ਵਿੱਚ ਉਨ੍ਹਾਂ ਦਾ ਭਾਰੀ ਮਾਲੀ ਨੁਕਸਾਨ ਹੋਇਆ ਹੈ। ਮੁੱਢਲੇ ਅੰਦਾਜ਼ੇ ਮੁਤਾਬਕ ਗੱਡੀਆਂ, ਘਰ ਦੀ ਬਿਲਡਿੰਗ ਅਤੇ ਅੰਦਰ ਪਏ ਹੋਰ ਕੀਮਤੀ ਸਾਮਾਨ ਨੂੰ ਮਿਲਾ ਕੇ ਕਰੀਬ 50 ਲੱਖ ਰੁਪਏ ਦਾ ਨੁਕਸਾਨ ਹੋਣ ਦੀ ਗੱਲ ਕਹੀ ਜਾ ਰਹੀ ਹੈ। ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ
ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀ ਬਲਦੇਵ ਰਾਜ ਨੇ ਦੱਸਿਆ ਕਿ ਇਹ ਘਰ ਕ੍ਰਿਸ਼ਨ ਲਾਲ ਨਾਮ ਦੇ ਵਿਅਕਤੀ ਦਾ ਹੈ, ਜਿਨ੍ਹਾਂ ਦੀ ਅਜਨਾਲਾ ਵਿੱਚ ਆਪਣੀ ਦੁਕਾਨ ਹੈ ਅਤੇ ਵੱਡਾ ਕਾਰੋਬਾਰ ਹੈ। ਉਨ੍ਹਾਂ ਪੁਸ਼ਟੀ ਕੀਤੀ ਕਿ ਘਰ ਅੰਦਰ ਬਣੀ ਪੀਰਾਂ ਦੀ ਜਗ੍ਹਾ ਤੋਂ ਅੱਗ ਲੱਗੀ ਸੀ, ਜਿਸ ਨੇ ਕਾਫ਼ੀ ਤਬਾਹੀ ਮਚਾਈ ਹੈ। ਪੁਲਿਸ ਵੱਲੋਂ ਇਸ ਘਟਨਾ ਦੇ ਕਾਰਨਾਂ ਅਤੇ ਹੋਏ ਨੁਕਸਾਨ ਦਾ ਬਾਰੀਕੀ ਨਾਲ ਜਾਇਜ਼ਾ ਲਿਆ ਜਾ ਰਿਹਾ ਹੈ।



