,ਫਗਵਾੜਾ : ਫਗਵਾੜਾ-ਜਲੰਧਰ ਮੁੱਖ ਮਾਰਗ ‘ਤੇ ਦੇਰ ਰਾਤ ਇੱਕ ਤੇਜ਼ ਰਫ਼ਤਾਰ ਟਰੱਕ ਵੱਲੋਂ ਪਰਾਲੀ ਦੇ ਗੱਟੂਆਂ ਨਾਲ ਲੱਦੀਆਂ ਦੋ ਟਰਾਲੀਆਂ ਨੂੰ ਜ਼ੋਰਦਾਰ ਟੱਕਰ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਟਰਾਲੀਆਂ ਸੜਕ ਦੇ ਵਿਚਕਾਰ ਹੀ ਪਲਟ ਗਈਆਂ, ਜਿਸ ਕਾਰਨ ਹਾਈਵੇਅ ‘ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਖ਼ੁਸ਼ਕਿਸਮਤੀ ਰਹੀ ਕਿ ਇਸ ਹਾਦਸੇ ਦੌਰਾਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ, ਪਰ ਮੁੱਖ ਮਾਰਗ ‘ਤੇ ਟ੍ਰੈਫਿਕ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ।
ਕੋਰਟ ਕੰਪਲੈਕਸ ਦੇ ਨਜ਼ਦੀਕ ਵਾਪਰੀ ਘਟਨਾ
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਟਰਾਲੀ ਚਾਲਕ ਨੇ ਦੱਸਿਆ ਕਿ ਉਹ ਆਪਣੀਆਂ ਦੋ ਟਰਾਲੀਆਂ ਵਿੱਚ ਪਰਾਲੀ ਦੇ ਗੱਟੂ ਲੱਦ ਕੇ ਜਲੰਧਰ ਤੋਂ ਫਿਲੌਰ ਵਾਲੀ ਸਾਈਡ ਜਾ ਰਿਹਾ ਸੀ। ਜਦੋਂ ਉਹ ਫਗਵਾੜਾ ਜੀ.ਟੀ. ਰੋਡ ‘ਤੇ ਸਥਿਤ ਕੋਰਟ ਕੰਪਲੈਕਸ ਦੇ ਨਜ਼ਦੀਕ ਫਲਾਈਓਵਰ (ਪੁੱਲ) ਦੇ ਉੱਪਰ ਪਹੁੰਚਿਆ, ਤਾਂ ਪਿੱਛੋਂ ਆ ਰਹੇ ਇੱਕ ਬੇਕਾਬੂ ਅਤੇ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਦੀਆਂ ਟਰਾਲੀਆਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਟਰੱਕ ਚਾਲਕ ਮੌਕੇ ਤੋਂ ਵਾਹਨ ਸਮੇਤ ਫਰਾਰ ਹੋ ਗਿਆ।
ਟ੍ਰੈਫਿਕ ਪੁਲਿਸ ਨੇ ਕਰੇਨ ਦੀ ਮਦਦ ਨਾਲ ਖੁੱਲ੍ਹਵਾਇਆ ਜਾਮ
ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਫਗਵਾੜਾ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਹਾਈਵੇਅ ‘ਤੇ ਲੱਗੇ ਜਾਮ ਨੂੰ ਖ਼ਤਮ ਕਰਵਾਉਣ ਲਈ ਪੁਲਿਸ ਵੱਲੋਂ ਤੁਰੰਤ ਕਰੇਨ ਮੰਗਵਾਈ ਗਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਰੇਨ ਦੀ ਮਦਦ ਨਾਲ ਸੜਕ ਵਿਚਕਾਰ ਪਲਟੀਆਂ ਦੋਵਾਂ ਟਰਾਲੀਆਂ ਨੂੰ ਹਟਾ ਕੇ ਪਾਸੇ ਕੀਤਾ ਗਿਆ ਅਤੇ ਰਸਤਾ ਸਾਫ਼ ਕਰਵਾ ਕੇ ਟ੍ਰੈਫਿਕ ਨੂੰ ਮੁੜ ਸੁਚਾਰੂ ਰੂਪ ਵਿੱਚ ਚਾਲੂ ਕਰਵਾਇਆ ਗਿਆ। ਪੁਲਿਸ ਵੱਲੋਂ ਫਰਾਰ ਟਰੱਕ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



