ਮਲੇਰਕੋਟਲਾ : ਇੱਕ ਬੇਹੱਦ ਮੰਦਭਾਗੀ ਅਤੇ ਦਿਲ ਕੰਬਾਊ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ 31 ਸਾਲਾ ਵਿਧਵਾ ਮਹਿਲਾ ਨੇ ਆਪਣੀ ਬਜ਼ੁਰਗ ਮਾਂ ਅਤੇ ਮਾਸੂਮ ਪੁੱਤਰ ਸਮੇਤ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾਂ ਦੀ ਪਛਾਣ ਇੰਦਰਪਾਲ ਕੌਰ, ਉਸ ਦੇ 9 ਸਾਲਾ ਪੁੱਤਰ ਜੌਰਡਨ ਸਿੰਘ ਅਤੇ ਮਾਂ ਹਰਦੀਪ ਕੌਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇੰਦਰਪਾਲ ਕੌਰ ਦੇ ਪਤੀ ਪਵਨਦੀਪ ਸਿੰਘ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਸ ਦੀ ਮਾਂ ਵੀ ਉਸ ਦੇ ਨਾਲ ਹੀ ਰਹਿ ਰਹੀ ਸੀ।
ਸਵੇਰੇ ਹੋਇਆ ਖ਼ੁਲਾਸਾ: ਮਾਂ-ਨਾਨੀ ਦੀ ਮੌਤ ਦੇਖ ਬੱਚੇ ਨੇ ਦਾਦੀ ਨੂੰ ਦਿੱਤੀ ਇਤਲਾਹ
ਇਸ ਦਰਦਨਾਕ ਘਟਨਾ ਦਾ ਪਤਾ ਸ਼ਨੀਵਾਰ ਸਵੇਰੇ ਲੱਗਿਆ। ਜਾਣਕਾਰੀ ਅਨੁਸਾਰ, ਇੰਦਰਪਾਲ ਕੌਰ ਅਤੇ ਹਰਦੀਪ ਕੌਰ ਦੀ ਮੌਤ ਰਾਤ ਵੇਲੇ ਹੀ ਹੋ ਚੁੱਕੀ ਸੀ। ਸਵੇਰੇ ਜਦੋਂ 9 ਸਾਲਾ ਜੌਰਡਨ ਸਿੰਘ ਦੀ ਅੱਖ ਖੁੱਲ੍ਹੀ ਤਾਂ ਉਸ ਨੇ ਆਪਣੀ ਮਾਂ ਅਤੇ ਨਾਨੀ ਨੂੰ ਮ੍ਰਿਤਕ ਹਾਲਤ ਵਿੱਚ ਦੇਖਿਆ। ਘਬਰਾਏ ਹੋਏ ਬੱਚੇ ਨੇ ਤੁਰੰਤ ਆਪਣੀ ਦਾਦੀ ਨੂੰ ਇਸ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਪੂਰੇ ਪਿੰਡ ਵਿੱਚ ਹੜਕੰਪ ਮਚ ਗਿਆ।
ਹਸਪਤਾਲ ਲਿਜਾਂਦੇ ਸਮੇਂ ਮਾਸੂਮ ਨੇ ਵੀ ਤੋੜਿਆ ਦਮ
ਚਸ਼ਮਦੀਦਾਂ ਮੁਤਾਬਕ, ਜੌਰਡਨ ਰਾਤ ਨੂੰ ਆਪਣੀ ਮਾਂ ਅਤੇ ਨਾਨੀ ਦੇ ਵਿਚਕਾਰ ਸੁੱਤਾ ਹੋਇਆ ਸੀ, ਜ਼ਹਿਰੀਲੇ ਪਦਾਰਥ ਦਾ ਅਸਰ ਉਸ ‘ਤੇ ਵੀ ਹੋ ਗਿਆ ਸੀ। ਜਦੋਂ ਪਰਿਵਾਰਕ ਮੈਂਬਰਾਂ ਨੇ ਬੱਚੇ ਦੀ ਹਾਲਤ ਵਿਗੜਦੀ ਦੇਖੀ ਤਾਂ ਉਸ ਨੂੰ ਤੁਰੰਤ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਪਰ ਬਦਕਿਸਮਤੀ ਨਾਲ, ਮਾਸੂਮ ਜੌਰਡਨ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ। ਇਸ ਘਟਨਾ ਨੇ ਪੂਰੇ ਇਲਾਕੇ ਨੂੰ ਸੁੰਨ ਕਰ ਦਿੱਤਾ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਅਜਿਹਾ ਖ਼ੌਫ਼ਨਾਕ ਕਦਮ ਚੁੱਕਣ ਪਿੱਛੇ ਅਸਲ ਕਾਰਨ ਕੀ ਸਨ।
ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ



