ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸਿਟੀ ਥਾਣੇ ਦੀ ਇਕ ਮਹਿਲਾ ਕਾਂਸਟੇਬਲ ਨੇ ਵਿਆਹ ਟੁੱਟਣ ਤੋਂ ਪ੍ਰੇਸ਼ਾਨ ਹੋ ਕੇ ਆਪਣੀ ਜਾਨ ਦੇ ਦਿੱਤੀ। ਇਲਜ਼ਾਮ ਹੈ ਕਿ ਕਾਂਸਟੇਬਲ ਦੇ ਪ੍ਰੇਮੀ ਨੇ ਆਪਣੇ ਸਹੁਰੇ ਪਰਿਵਾਰ ਨੂੰ ਕੁਝ ਕਿਹਾ ਸੀ। ਇਸ ਤੋਂ ਬਾਅਦ ਕਾਂਸਟੇਬਲ ਦਾ ਰਿਸ਼ਤਾ ਟੁੱਟ ਗਿਆ। ਪੁਲਿਸ ਕਾਰਵਾਈ ਦੇ ਡਰੋਂ ਦੋਸ਼ੀ ਪ੍ਰੇਮੀ ਨੇ ਵੀ ਜ਼ਹਿਰ ਨਿਗਲ ਲਿਆ। ਉਹ ਪਟਿਆਲੇ ਦੇ ਇੱਕ ਨਿੱਜੀ ਹਸਪਤਾਲ ਵਿੱਚ ਜੇਰੇ ਇਲਾਜ ਹੈ।
ਮ੍ਰਿਤਕ ਕਾਂਸਟੇਬਲ ਦੇ ਪਿਤਾ ਰਣਜੀਤ ਸਿੰਘ ਵਸਨੀਕ ਪਿੰਡ ਦੌਦੜਾ ਨੇ ਪੁਲਿਸ ਨੂੰ ਦੱਸਿਆ ਕਿ, ਬੀਤੇ 4 ਮਹੀਨਿਆਂ ਪਹਿਲਾਂ ਸੰਗਰੂਰ ਤੋਂ ਉਸ ਦੀ ਮੰਗਣੀ ਕੀਤੀ ਗਈ ਸੀ। ਆਉਂਣ ਵਾਲੀ 7 ਦਸੰਬਰ ਨੂੰ ਉਹਦਾ ਵਿਆਹ ਹੋਣਾ ਨਿਸ਼ਚਿਤ ਹੋਇਆ ਸੀ। ਉਨ੍ਹਾਂ ਦੱਸਿਆ ਕਿ ਸੰਗਰੂਰ ਦੀ ਚੀਮਾ ਮੰਡੀ ਦਾ ਵਸਨੀਕ ਗੁਰਪ੍ਰੀਤ ਸਿੰਘ ਪਿਛਲੇ ਕਾਫ਼ੀ ਸਮੇਂ ਤੋਂ ਉਸ ਨੂੰ ਪ੍ਰੇਸ਼ਾਨ ਕਰ ਰਿਹਾ ਸੀ ਅਤੇ ਉਸ ਦੇ ਵਿਆਹ ਵਿੱਚ ਵਿਘਨ ਪਾਉਣ ਦੀਆਂ ਧਮਕੀਆਂ ਦੇ ਰਿਹਾ ਸੀ।
ਉਸਨੇ ਗਗਨਦੀਪ ਦੇ ਸਹੁਰੇ ਪਰਿਵਾਰ ਸੰਗਰੂਰ ਪਹੁੰਚ ਕੇ ਉਸਦਾ ਰਿਸ਼ਤਾ ਤੁੜਵਾ ਦਿੱਤਾ। ਵਿਆਹ ਟੁੱਟਣ ਤੋਂ ਪ੍ਰੇਸ਼ਾਨ ਗਗਨਦੀਪ ਕੌਰ ਨੇ ਥਾਣੇ ਵਿੱਚ ਜ਼ਹਿਰ ਨਿਗਲ ਲਿਆ। ਮੌਕੇ ‘ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਉਸਨੂੰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਕੁਝ ਘੰਟਿਆਂ ਬਾਅਦ ਉਸਦੀ ਮੌਤ ਹੋ ਗਈ।
ਥਾਣਾ ਸਿਟੀ ਇੰਚਾਰਜ ਬੁਢਲਾਡਾ ਦੇ ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ, ਮ੍ਰਿਤਕ ਕਾਂਸਟੇਬਲ ਦੇ ਪਿਤਾ ਦੇ ਬਿਆਨਾਂ ’ਤੇ ਗੁਰਪ੍ਰੀਤ ਸਿੰਘ ਨਿਵਾਸੀ ਚੀਮਾ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਦੀ ਕਾਰਵਾਈ ਦੇ ਡਰੋਂ ਮੁਲਜ਼ਮ ਨੇ ਜ਼ਹਿਰ ਨਿਗਲ ਲਿਆ ਹੈ। ਬਹਿਰਹਾਲ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

