ਲੁਧਿਆਣਾ/ਪੰਜਾਬ: ਕੇਂਦਰ ਸਰਕਾਰ ਵੱਲੋਂ ਸੋਨੇ ‘ਤੇ ਇੰਪੋਰਟ ਡਿਊਟੀ (ਆਯਾਤ ਸ਼ੁਲਕ) ਨੂੰ 6 ਫ਼ੀਸਦੀ ਤੋਂ ਵਧਾ ਕੇ ਸਿੱਧਾ 15 ਫ਼ੀਸਦੀ ਕਰਨ ਦੇ ਫੈਸਲੇ ਨੇ ਦੇਸ਼ ਭਰ ਦੇ ਸਰਾਫਾ ਬਾਜ਼ਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਫੈਸਲੇ ਤੋਂ ਤੁਰੰਤ ਬਾਅਦ ਸੋਨੇ ਦੀਆਂ ਕੀਮਤਾਂ ਵਿੱਚ ਇੱਕੋ ਦਿਨ ‘ਚ 12,000 ਰੁਪਏ ਦਾ ਵੱਡਾ ਉਛਾਲ ਦੇਖਣ ਨੂੰ ਮਿਲਿਆ ਹੈ। ਸਿਰਫ਼ ਸੋਨਾ ਹੀ ਨਹੀਂ, ਸਗੋਂ ਚਾਂਦੀ ਵੀ 25,000 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਹਿੰਗੀ ਹੋ ਗਈ ਹੈ। ਇਸ ਅਚਾਨਕ ਹੋਏ ਵਾਧੇ ਕਾਰਨ ਸੁਨਿਆਰਾ ਜਗਤ ਵਿੱਚ ਭਾਰੀ ਰੋਸ ਅਤੇ ਮਾਯੂਸੀ ਪਾਈ ਜਾ ਰਹੀ ਹੈ।
ਪ੍ਰਧਾਨ ਮੰਤਰੀ ਦੀ ਅਪੀਲ ਅਤੇ ਵਧਦੀਆਂ ਕੀਮਤਾਂ ਦਾ ਦੋਹਰਾ ਵਾਰ
ਸਰਾਫਾ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਜੇ ਸੂਰੀ ਨੇ ਆਪਣਾ ਦਰਦ ਸਾਂਝਾ ਕਰਦਿਆਂ ਕਿਹਾ ਕਿ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਵਾਸੀਆਂ ਨੂੰ ਸੋਨਾ ਨਾ ਖਰੀਦਣ ਦੀ ਅਪੀਲ ਨੇ ਵਪਾਰ ਨੂੰ ਪ੍ਰਭਾਵਿਤ ਕੀਤਾ ਅਤੇ ਹੁਣ ਇੰਪੋਰਟ ਡਿਊਟੀ ਵਿੱਚ ਭਾਰੀ ਵਾਧੇ ਨੇ ਬਾਜ਼ਾਰ ਦੀ ਕਮਰ ਤੋੜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਆਮ ਜਨਤਾ ਨੂੰ ਅਪੀਲ ਕਰਨ ਦੀ ਬਜਾਏ, ਸੋਨੇ ਵਿੱਚ ਵੱਡੇ ਪੱਧਰ ‘ਤੇ ਨਿਵੇਸ਼ (Invest) ਕਰਨ ਵਾਲਿਆਂ ਨੂੰ ਵਰਜਣਾ ਚਾਹੀਦਾ ਸੀ ਜਾਂ ਵੱਡੇ ਵਪਾਰੀਆਂ ਦੇ ਇੰਪੋਰਟ-ਐਕਸਪੋਰਟ ਲਾਇਸੰਸ ਕੁਝ ਸਮੇਂ ਲਈ ਰੱਦ ਕਰਨੇ ਚਾਹੀਦੇ ਸਨ।
ਖ਼ਤਮ ਹੋ ਰਿਹਾ ਹੈ ਛੋਟੇ ਕਾਰੀਗਰਾਂ ਦਾ ਰੁਜ਼ਗਾਰ
ਅਜੇ ਸੂਰੀ ਨੇ ਗੰਭੀਰ ਚਿੰਤਾ ਪ੍ਰਗਟਾਉਂਦਿਆਂ ਦੱਸਿਆ ਕਿ ਸੋਨਾ ਮਹਿੰਗਾ ਹੋਣ ਕਾਰਨ ਮਾਰਕੀਟ ਵਿੱਚ ਪਹਿਲਾਂ ਹੀ ਮੰਦੀ ਦਾ ਦੌਰ ਚੱਲ ਰਿਹਾ ਹੈ। ਹਾਲਾਤ ਇੰਨੇ ਮਾੜੇ ਹੋ ਚੁੱਕੇ ਹਨ ਕਿ ਸੋਨੇ ਦਾ ਗਹਿਣੇ ਬਣਾਉਣ ਵਾਲੇ ਕਈ ਮਾਹਰ ਕਾਰੀਗਰ ਹੁਣ ਸੜਕਾਂ ‘ਤੇ ਰੇਹੜੀਆਂ ਲਗਾਉਣ ਲਈ ਮਜਬੂਰ ਹਨ।”ਜੇਕਰ ਕੀਮਤਾਂ ਦਾ ਇਹੀ ਆਲਮ ਰਿਹਾ, ਤਾਂ ਛੋਟੇ ਕਾਰੀਗਰ ਇਸ ਕਿੱਤੇ ਨੂੰ ਪੂਰੀ ਤਰ੍ਹਾਂ ਛੱਡ ਦੇਣਗੇ ਅਤੇ ਸਰਾਫਾ ਮਾਰਕੀਟ ਦਾ ਵਜੂਦ ਖ਼ਤਰੇ ਵਿੱਚ ਪੈ ਜਾਵੇਗਾ।”
ਸੁਨਿਆਰਾ ਵਰਗ ਦੀ ਮੰਗ
ਵਪਾਰੀਆਂ ਦਾ ਮੰਨਣਾ ਹੈ ਕਿ ਇੰਪੋਰਟ ਡਿਊਟੀ ਵਿੱਚ 10 ਫ਼ੀਸਦੀ ਦੇ ਕਰੀਬ ਵਾਧਾ ਕਰਨਾ ਮਾਰਕੀਟ ਨੂੰ ਖ਼ਤਮ ਕਰਨ ਵਾਲਾ ਕਦਮ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਫੈਸਲੇ ‘ਤੇ ਮੁੜ ਵਿਚਾਰ ਕੀਤਾ ਜਾਵੇ ਤਾਂ ਜੋ ਮੱਧ ਵਰਗੀ ਸੁਨਿਆਰਿਆਂ ਅਤੇ ਕਾਰੀਗਰਾਂ ਦੀ ਰੋਜ਼ੀ-ਰੋਟੀ ਬਚਾਈ ਜਾ ਸਕੇ।



