ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦੀ ਬਰਸੀ ‘ਤੇ ਵਿਸ਼ੇਸ਼

Surinder Kaur: ਸੁਰਿੰਦਰ ਕੌਰ ਦਾ ਜਨਮ 25 ਨਵੰਬਰ 1929 ਨੂੰ ਸਾਂਝੇ ਪੰਜਾਬ ਦੀ ਰਾਜਧਾਨੀ ਲਾਹੌਰ ਵਿਖੇ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਬਿਸ਼ਨ ਦਾਸ…

Surinder Kaur: ਸੁਰਿੰਦਰ ਕੌਰ ਦਾ ਜਨਮ 25 ਨਵੰਬਰ 1929 ਨੂੰ ਸਾਂਝੇ ਪੰਜਾਬ ਦੀ ਰਾਜਧਾਨੀ ਲਾਹੌਰ ਵਿਖੇ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਬਿਸ਼ਨ ਦਾਸ ਅਤੇ ਮਾਤਾ ਦਾ ਨਾਂ ਮਾਇਆ ਦੇਵੀ ਸੀ। ਉਨ੍ਹਾਂ ਦੀ ਵੱਡੀ ਭੈਣ ਦਾ ਨਾਂ ਪ੍ਰਕਾਸ਼ ਕੌਰ ਸੀ ਜੋ ਉਸ ਸਮੇਂ ਪੰਜਾਬੀ ਦੀ ਸਿਰਕੱਢ ਗਾਇਕਾ ਸੀ। ਮਾਤਾ-ਪਿਤਾ ਸੁਰਿੰਦਰ ਕੌਰ ਨੂੰ ਪਿਆਰ ਨਾਲ ‘ਛਿੰਦੋ’ ਨਾਮ ਨਾਲ ਬਲਾਉਂਦੇ ਸਨ। ਸੁਰਿੰਦਰ ਕੌਰ ਨੂੰ ਗਾਉਣ ਦਾ ਜਨੂੰਨ ਸੀ ਜਿਸ ਕਾਰਨ ਉਹ ਸਿਰਫ਼ ਮੈਟਿ੍ਕ ਤਕ ਹੀ ਪੜ੍ਹ ਸਕੀ ਅਤੇ ਗਾਉਣ ਵੱਲ ਪ੍ਰੇਰਿਤ ਹੁੰਦੀ ਗਈ ਕਿਉਂਕਿ ਪਰਿਵਾਰ ਵਿਚ ਪਹਿਲਾਂ ਹੀ ਸੰਗੀਤ ਦਾ ਬੋਲਬਾਲਾ ਸੀ। ਪਰ ਉਸ ਸਮੇਂ ਕੁੜੀਆਂ ਦੇ ਗਾਉਣ ਨੂੰ ਬਹੁਤਾ ਚੰਗਾ ਨਹੀਂ ਸਮਝਿਆ ਜਾਂਦਾ ਸੀ।

ਸੰਨ 1942 ਵਿਚ ਉਸ ਨੇ ਰੇਡੀਓ ਤੋਂ ਆਡੀਸ਼ਨ ਪਾਸ ਕੀਤਾ ਕਿਉਂਕਿ ਉਸ ਸਮੇਂ ਰੇਡੀਓ ਹੀ ਮਨੋਰੰਜਨ ਦਾ ਸਭ ਤੋਂ ਵੱਡਾ ਸਾਧਨ ਹੁੰਦਾ ਸੀ। ਸੰਨ 1943 ਵਿਚ ਆਪਣੀ ਵੱਡੀ ਭੈਣ ਪ੍ਰਕਾਸ਼ ਕੌਰ ਨਾਲ ਰਲ਼ ਕੇ ਗਾਏ ਗੀਤ ‘ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ, ਕੋਈ ਕਰਦੀਆਂ ਗੱਲੋੜੀਆਂ’ ਨਾਲ ਸੁਰਿੰਦਰ ਕੌਰ ਰਾਤੋ-ਰਾਤ ਸਟਾਰ ਬਣ ਗਈ। ਮਿਤੀ 29 ਜਨਵਰੀ 1947 ਨੂੰ ਸੁਰਿੰਦਰ ਕੌਰ ਦਾ ਵਿਆਹ ਪ੍ਰੋ. ਜੋਗਿੰਦਰ ਸਿੰਘ ਸੋਢੀ ਨਾਲ ਹੋਇਆ। ਸੰਨ 1947 ਦੀ ਭਾਰਤ-ਪਾਕਿ ਦੀ ਵੰਡ ਸਮੇਂ ਉਨ੍ਹਾਂ ਦਾ ਪਰਿਵਾਰ ਲਾਹੌਰ ਤੋਂ ਆ ਕੇ ਦਿੱਲੀ ਵਿਖੇ ਵਸ ਗਿਆ। ਸੁਰਿੰਦਰ ਕੌਰ ਨੇ ਕਾਫ਼ੀ ਸਾਰੇ ਐਵਾਰਡ ਵੀ ਪ੍ਰਾਪਤ ਕੀਤੇ। ਸੰਨ 1994 ’ਚ ਪ੍ਰੋ. ਮੋਹਨ ਸਿੰਘ ਐਵਾਰਡ, ਸਾਲ 2006 ’ਚ ਰਾਸ਼ਟਰਪਤੀ ਵੱਲੋਂ ਪ੍ਰਦਮਸ਼੍ਰੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ।

ਸੁਰਿੰਦਰ ਕੌਰ ਨੂੰ ਪੰਜਾਬੀ ਗਾਇਕੀ ਨਾਲ ਪੌਣਾਂ ਦੇ ਪੱਤਿਆਂ ਵਾਂਗੂੰ ਪਿਆਰ ਸੀ। ਉਨ੍ਹਾਂ ਵੱਲੋਂ ਗਾਏ ਮਸ਼ਹੂਰ ਗੀਤ ਸਨ : ‘ਕਿਨ੍ਹਾਂ ਜੰਮੀਆਂ ਕਿਨ੍ਹਾਂ ਨੇ ਲੈ ਜਾਣੀਆਂ’, ‘ਡਾਚੀ ਵਾਲਿਆ ਮੋੜ ਮੁਹਾਰ ਵੇ’, ‘ਚੰਨਾਂ ਕਿੱਥਾਂ ਗੁਜ਼ਾਰੀ ਆਈ ਰਾਤ ਵੇ’, ‘ਨੀ ਇਕ ਮੇਰੀ ਅੱਖ ਕਾਸ਼ਨੀ’, ‘ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ।’ ਸੁਰਿੰਦਰ ਕੌਰ ਨੇ ਅਨੇਕਾਂ ਹੀ ਗੀਤ ਵੱਖੋ-ਵੱਖ ਗਾਇਕਾਂ ਨਾਲ ਗਾਏ ਜੋ ਹਿੱਟ ਰਹੇ। 

ਉਹ ਸਾਲ 2006 ਵਿਚ ਕਾਫ਼ੀ ਬਿਮਾਰ ਹੋ ਗਈ। ਆਪਣਾ ਇਲਾਜ ਕਰਵਾਉਣ ਲਈ ਉਹ ਆਪਣੀਆਂ ਧੀਆਂ ਕੋਲ ਨਿਊਜਰਸੀ (ਅਮਰੀਕਾ) ਚਲੀ ਗਈ। ਅਖ਼ੀਰ 15 ਜੂਨ 2006 ਨੂੰ ਨਿਊਜਰਸੀ (ਅਮਰੀਕਾ) ਦੇ ਹਸਪਤਾਲ ਵਿਚ ਆਖ਼ਰੀ ਸਾਹ ਲਿਆ। ਸੁਰਿੰਦਰ ਕੌਰ ਵੱਲੋਂ ਗਾਇਆ ਇਹ ਗੀਤ ਵਾਰ-ਵਾਰ ਸੁਣਨ ਨੂੰ ਦਿਲ ਕਰਦਾ ਹੈ। ‘ਮਹਿਰਮ ਦਿਲਾਂ ਦੇ ਮਾਹੀ, ਮੋੜੇਂਗਾ ਕਦ ਮੁਹਾਰਾਂ, ‘ਦਿਨ ਰਾਤ ਤੜਫਦੇ ਨੇ ਅਰਮਾਨ ਬੇਸ਼ੁਮਾਰਾਂ।’

Leave a Reply

Your email address will not be published. Required fields are marked *