ਬਰਨਾਲਾ : ਸਾਈਕਲ ‘ਤੇ 19 ਸਾਲਾਂ ਤੱਕ ਲਗਾਤਾਰ ਸਫ਼ਰ ਕਰਕੇ ਵਿਸ਼ਵ ਦੇ 191 ਦੇਸ਼ਾਂ ਅਤੇ 7 ਮਹਾਂਦੀਪਾਂ ਵਿੱਚ ਲਗਭਗ 2 ਲੱਖ ਕਿਲੋਮੀਟਰ ਦੀ ਯਾਤਰਾ ਤੈਅ ਕਰਨ ਵਾਲੇ ਮਸ਼ਹੂਰ ਭਾਰਤੀ ਸਮਾਜਿਕ ਕਾਰਕੁਨ ਅਤੇ ਵਿਸ਼ਵ ਸਾਈਕਲਿਸਟ ਸੋਮੇਨ ਦੇਬਨਾਥ ਅੱਜ ਆਪਣੇ ਨਵੇਂ ਰਾਸ਼ਟਰੀ ਮਿਸ਼ਨ ਤਹਿਤ ਬਰਨਾਲਾ ਪਹੁੰਚੇ। ਸਾਲ 2004 ਤੋਂ 2023 ਤੱਕ ਦੁਨੀਆ ਭਰ ਵਿੱਚ ਐੱਚ.ਆਈ.ਵੀ./ਏਡਜ਼ (HIV/AIDS) ਬਾਰੇ ਜਾਗਰੂਕਤਾ ਅਤੇ ਭਾਰਤੀ ਸੱਭਿਆਚਾਰ ਦਾ ਸੁਨੇਹਾ ਪਹੁੰਚਾਉਣ ਵਾਲੇ ਦੇਬਨਾਥ ਹੁਣ “ਰੀਯੂਨੀਅਨ ਭਾਰਤ—ਇੱਕ ਰੁੱਖ, ਇੱਕ ਜੀਵਨ, ਭਾਰਤੀ ਯੁਵਾ ਅਤੇ ਖੇਡਾਂ” ਮੁਹਿੰਮ ਤਹਿਤ ਪੂਰੇ ਭਾਰਤ ਦੀ ਯਾਤਰਾ ਕਰ ਰਹੇ ਹਨ। ਦੁਨੀਆ ਦੇ 36 ਰਾਸ਼ਟਰਪਤੀਆਂ ਅਤੇ 72 ਪ੍ਰਧਾਨ ਮੰਤਰੀਆਂ ਤੋਂ ਸਨਮਾਨਿਤ ਹੋ ਚੁੱਕੇ ਦੇਬਨਾਥ ਦਾ ਬਰਨਾਲਾ ਆਉਣ ‘ਤੇ ਭਰਵਾਂ ਸਵਾਗਤ ਕੀਤਾ ਗਿਆ।
ਬਰਨਾਲਾ ਫੇਰੀ ਦੌਰਾਨ ਸੋਮੇਨ ਦੇਬਨਾਥ ਨੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਅਤੇ ਐਸ.ਪੀ. (ਐਚ) ਸੋਹਣ ਲਾਲ ਸੋਨੀ ਨਾਲ ਸ਼ਿਸ਼ਟਾਚਾਰ ਮੁਲਾਕਾਤ ਕੀਤੀ। ਡਿਪਟੀ ਕਮਿਸ਼ਨਰ ਨੇ ਦੇਬਨਾਥ ਦੇ ਇਸ ਵਿਲੱਖਣ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇੱਕ ਸਾਈਕਲ ਰਾਹੀਂ ਵਿਸ਼ਵ ਭਰ ਵਿੱਚ ਸ਼ਾਂਤੀ, ਵਾਤਾਵਰਣ ਸੰਭਾਲ ਅਤੇ ਸਿਹਤ ਜਾਗਰੂਕਤਾ ਦਾ ਸੁਨੇਹਾ ਦੇਣਾ ਬਹੁਤ ਹੀ ਪ੍ਰੇਰਣਾਦਾਇਕ ਹੈ। ਇਸੇ ਦੌਰਾਨ ਬਰਨਾਲਾ ਪੁਲਿਸ ਦੀ ਤਰਫ਼ੋਂ ਐਸ.ਪੀ. ਸੋਹਣ ਲਾਲ ਸੋਨੀ ਨੇ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਇਸ ਦੌਰੇ ਦੌਰਾਨ ਇੱਕ ਖ਼ਾਸ ਪਲ ਉਦੋਂ ਦੇਖਣ ਨੂੰ ਮਿਲਿਆ ਜਦੋਂ ਸੋਮੇਨ ਦੇਬਨਾਥ ਦੀ ਮੁਲਾਕਾਤ ਬਰਨਾਲਾ ਦੇ ਰਹਿਣ ਵਾਲੇ ਆਪਣੇ ਪੁਰਾਣੇ ਦੋਸਤ ਬਲਪ੍ਰੀਤ ਸਿੰਘ ਨਾਲ ਹੋਈ। ਦੋਵਾਂ ਦੀ ਮੁਲਾਕਾਤ ਲਗਭਗ ਚਾਰ ਸਾਲ ਪਹਿਲਾਂ ਇੱਕ ਦੌਰੇ ਦੌਰਾਨ ਹੋਈ ਸੀ। ਜਿਵੇਂ ਹੀ ਬਲਪ੍ਰੀਤ ਨੂੰ ਸੋਮੇਨ ਦੇ ਬਰਨਾਲਾ ਆਉਣ ਦੀ ਖ਼ਬਰ ਮਿਲੀ, ਉਹ ਤੁਰੰਤ ਉਨ੍ਹਾਂ ਨੂੰ ਮਿਲਣ ਪਹੁੰਚੇ। ਚਾਰ ਸਾਲਾਂ ਬਾਅਦ ਹੋਈ ਇਸ ਮੁਲਾਕਾਤ ਦੌਰਾਨ ਦੋਵਾਂ ਦੋਸਤਾਂ ਨੇ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ। ਫਿਲਹਾਲ ਸੋਮੇਨ ਦੇਬਨਾਥ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਵਿੱਚ ਆਪਣੀ ਯਾਤਰਾ ਜਾਰੀ ਰੱਖਦਿਆਂ ਨੌਜਵਾਨਾਂ ਨੂੰ ਵਾਤਾਵਰਣ ਅਤੇ ਖੇਡਾਂ ਨਾਲ ਜੋੜਨ ਦਾ ਸੁਨੇਹਾ ਦੇ ਰਹੇ ਹਨ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

