ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਸਾਖੀ ਮੌਕੇ ਧਾਰਮਿਕ ਸਮਾਗਮਾਂ ‘ਚ ਸ਼ਾਮਲ ਹੋਣ ਲਈ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਸਿੱਖ ਸੰਗਤਾਂ ਦੇ ਜਥੇ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਇਹ ਜਥਾ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਵਿਸਾਖੀ ਮੌਕੇ ਕਰਵਾਏ ਜਾਣ ਵਾਲੇ ਮੁੱਖ ਪ੍ਰੋਗਰਾਮ ‘ਚ ਹਿੱਸਾ ਲੈਣ ਲਈ ਗਿਆ ਸੀ। ਉਨ੍ਹਾਂ ਦੱਸਿਆ ਕਿ ਇਹ ਜਥਾ 9 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪੁੱਜੇਗਾ, ਮੰਡੀ ਚੂਹੜਕਾਣਾ ਸਥਿਤ ਗੁਰਦੁਆਰਾ ਸੱਚਾ ਸੌਦਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ 10 ਅਪ੍ਰੈਲ ਨੂੰ ਨਨਕਾਣਾ ਸਾਹਿਬ ਵਾਪਸ ਪਰਤੇਗਾ।
ਪ੍ਰਤਾਪ ਸਿੰਘ ਨੇ ਦੱਸਿਆ ਕਿ ਜਥਾ 12 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਪਹੁੰਚੇਗਾ ਅਤੇ 14 ਅਪ੍ਰੈਲ ਨੂੰ ਮੁੱਖ ਸਮਾਗਮ ‘ਚ ਹਿੱਸਾ ਲਵੇਗਾ। ਉਨ੍ਹਾਂ ਦੱਸਿਆ ਕਿ ਸਿੱਖ ਸੰਗਤਾਂ ਦਾ ਇਹ ਜਥਾ 15 ਅਪ੍ਰੈਲ ਨੂੰ ਲਾਹੌਰ ਦੇ ਗੁਰਦੁਆਰਾ ਡੇਰਾ ਸਾਹਿਬ ਅਤੇ ਉਥੋਂ ਅਮੀਨਾਬਾਦ ਦੇ ਗੁਰਦੁਆਰਾ ਰੋੜੀ ਸਾਹਿਬ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਜਥਾ 16 ਅਪ੍ਰੈਲ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣਗੇ ਅਤੇ 17 ਅਪ੍ਰੈਲ ਨੂੰ ਲਾਹੌਰ ਦੇ ਗੁਰਦੁਆਰਾ ਡੇਰਾ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ 18 ਅਪ੍ਰੈਲ ਨੂੰ ਜਥਾ ਵਾਪਸ ਭਾਰਤ ਪਰਤੇਗਾ। ਦੱਸ ਦੇਈਏ ਕਿ 2500 ਸਿੱਖ ਸ਼ਰਧਾਲੂਆਂ ਪਾਕਿਸਤਾਨ ਗਏ ਹਨ।
