Sidhu Moosewala New Song: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਦੀਵਾਲੀ ‘ਤੇ ਰਿਲੀਜ਼ ਹੋਵੇਗਾ। ਮੂਸੇਵਾਲਾ ਦੀ ਮਾਂ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਨੇ ਨਵੇਂ ਗੀਤ ਦਾ ਪੋਸਟਰ ਸੋਸ਼ਲ ਮੀਡੀਆ ‘ਤੇ ਰਿਲੀਜ਼ ਕੀਤਾ ਹੈ। ਦੀਵਾਲੀ ‘ਤੇ ਪ੍ਰਸ਼ੰਸਕ ਇਸ ਗੀਤ ਨੂੰ ਸੁਣ ਸਕਣਗੇ। ਮੂਸੇਵਾਲਾ ਦੀ ਮੌਤ ਤੋਂ ਬਾਅਦ ਰਿਲੀਜ਼ ਹੋਣ ਵਾਲਾ ਇਹ ਪੰਜਵਾਂ ਗੀਤ ਹੈ।
ਇਹ ਗੀਤ ਦੀਵਾਲੀ ਮੌਕੇ 12 ਨਵੰਬਰ ਨੂੰ ਦੁਪਹਿਰ 12 ਵਜੇ ਯੂਟਿਊਬ ਸਮੇਤ ਸਾਰੀਆਂ ਮਿਊਜ਼ਿਕ ਐਪਲੀਕੇਸ਼ਨਾਂ ‘ਤੇ ਰਿਲੀਜ਼ ਕੀਤਾ ਜਾਵੇਗਾ। ਪੋਸਟਰ ਜਾਰੀ ਕਰਨ ਦੇ ਨਾਲ ਹੀ ਮਾਂ ਚਰਨ ਕੌਰ ਨੇ ਇਕ ਸੁਨੇਹਾ ਵੀ ਲਿਖਿਆ, “ਆ ਗਿਆ ਮੇਰਾ ਬੱਬਰ ਸ਼ੇਰ ਤੇ ਸੋਡਾ ਭਰਾ ਧੱਕ ਪਾਉਣ, ਸੌਖਾ ਨਹੀਂ ਰਾਹ ਖਾਲ੍ਹੀ ਕਰਦੇ”।
ਇਸ ਗੀਤ ਦੇ ਬੋਲਾਂ ਦਾ ਪਰਿਵਾਰ ਵਲੋਂ ਅਜੇ ਤਕ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਪਰ ਇਸ ਪੋਸਟਰ ਦੇ ਰਿਲੀਜ਼ ਹੋਣ ਦੇ ਨਾਲ ਹੀ ਇਕ ਵਾਰ ਫਿਰ ਸਿੱਧੂ ਮੂਸੇਵਾਲਾ ਅਤੇ ਗੀਤ ਵਾਚ ਆਊਟ ਨੂੰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਸਰਚ ਕੀਤਾ ਜਾ ਰਿਹਾ ਹੈ। ਇਸ ਗੀਤ ਤੋਂ ਪਹਿਲਾਂ ਗੀਤ ਚੋਰਨੀ 8 ਜੁਲਾਈ 2023 ਨੂੰ ਰਿਲੀਜ਼ ਹੋਇਆ ਸੀ। ਜਿਸ ਨੂੰ ਯੂਟਿਊਬ ‘ਤੇ ਹੁਣ ਤਕ 5.4 ਕਰੋੜ ਲੋਕ ਦੇਖ ਚੁੱਕੇ ਹਨ। ਇਸ ਗੀਤ ਨੂੰ ਪਹਿਲੇ ਦੋ ਘੰਟਿਆਂ ਵਿਚ ਹੀ 2 ਲੱਖ ਲੋਕਾਂ ਨੇ ਸੁਣਿਆ ਸੀ।
ਮੂਸੇਵਾਲਾ ਦੇ ਕਤਲ ਤੋਂ ਬਾਅਦ ਹੁਣ ਤੱਕ ਕੁੱਲ 4 ਗੀਤ ਰਿਲੀਜ਼ ਹੋ ਚੁੱਕੇ ਹਨ। SYL ਗੀਤ 23 ਜੂਨ 2022 ਨੂੰ ਰਿਲੀਜ਼ ਹੋਇਆ ਸੀ। ਜਿਸ ਵਿੱਚ ਮੂਸੇਵਾਲਾ ਨੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਉਠਾਇਆ ਸੀ। ਇਸ ਗੀਤ ਨੂੰ 72 ਘੰਟਿਆਂ ਵਿੱਚ 2.7 ਕਰੋੜ ਵਿਊਜ਼ ਮਿਲ ਚੁੱਕੇ ਸਨ। ਜਿਸ ਤੋਂ ਬਾਅਦ ਇਸ ਗੀਤ ਨੂੰ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਸੀ।



