ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕੋਰੋਨਾ ਵਾਇਰਸ ਦੁਨੀਆ ਭਰ ਵਿਚ ਲੋਕਾਂ ਦੀ ਜਾਨ ਲੈ ਰਿਹਾ ਹੈ। ਭਾਰਤ ਵਿਚ ਵੀ ਕੋਰੋਨਾ ਵਾਇਰਸ ਦੇ ਹੁਣ ਤੱਕ 127 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 3 ਲੋਕਾਂ ਨੇ ਆਪਣੀ ਜਾਨ ਗਵਾਈ ਹੈ ਜਿਸ ਦੇ ਚੱਲਦਿਆਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਵਾਲੀ ਸੰਗਤ ਵਿਚ ਵੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਐਸਜੀਪੀਸੀ ਨੇ ਵੀ ਸ਼ਰਧਾਲੂਆਂ ਦੀ ਸਹੂਲਤ ਅਤੇ ਉਨ੍ਹਾਂ ਨੂੰ ਜਾਗਰੂਕ ਕਰਨ ਲਈ ਕਦਮ ਚੁੱਕੇ ਹਨ। ਇਸ ਦੇ ਨਾਲ ਹੀ ਇਸ ਮਹਾਮਾਰੀ ਨੂੰ ਰੋਕਣ ਲਈ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਹਨ।
ਸ਼੍ਰੀ ਹਰਿਮੰਦਰ ਸਾਹਿਬ ਵਿਖੇ ਰੋਜਾਨਾਂ ਲੱਖਾਂ ਦੀ ਗਿਣਤੀ ਵਿਚ ਸੰਗਤ ਨਤਮਸਤਕ ਹੋਣ ਲਈ ਪਹੁੰਚਦੀ ਹੈ ਪਰ ਕੋਰੋਨਾ ਵਾਇਰਸ ਦੇ ਡਰ ਕਾਰਨ ਹੁਣ ਸ਼ਰਧਾਲੂਆਂ ਦੀ ਸੰਖਿਆ ਵੀ ਥੋੜੀ ਘਟੀ ਹੈ। ਕੋਰੋਨਾ ਵਾਇਰਸ ਦਾ ਪ੍ਰਕੋਪ ਰੋਕਣ ਲਈ ਅੱਜ ਤੋਂ ਮੰਜੀ ਸਾਹਿਬ ਦੀਵਾਨ ਹਾਲ ਸਮੇਤ ਐਸਜੀਪੀਸੀ ਅਧੀਨ ਆਉਂਦੇ ਸਾਰੇ ਇਤਿਹਾਸਕ ਗੁਰਦੁਆਰਿਆਂ ਵਿਚ ਆਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਹਨ। ਐਸਜੀਪੀਸੀ ਨੇ ਸ਼ਰਧਾਲੂਆਂ ਦੀ ਸਹੂਲਤ ਲਈ ਹੱਥਾਂ ਨੂੰ ਚੰਗੀ ਤਰ੍ਹਾ ਸਾਫ ਕਰਨ ਵਾਸਤੇ ਸੇਨੇਟਾਈਜਰ ਦਾ ਪ੍ਰਬੰਧ ਕੀਤਾ ਹੈ ਉੱਥੇ ਹੀ ਹੱਥ ਸਾਫ ਕਰਨ ਲਈ ਟਾਵਲਾਂ ਦੀ ਥਾਂ ਟਿੱਸ਼ੂ ਪੇਪਰ ਰੱਖੇ ਗਏ ਹਨ। ਐਸਜੀਪੀਸੀ ਨੇ ਸ਼ਰਧਾਲੂਆਂ ਨੂੰ ਹੱਥ ਮਿਲਾਉਣ ਦੀ ਥਾਂ ਫਤਿਹ ਬਲਾਉਣ ਦੀ ਅਪੀਲ ਕੀਤੀ ਹੈ। ਲੋਕਾਂ ਨੂੰ ਜਾਗੂਰਕ ਕਰਨ ਲਈ ਥਾਂ-ਥਾਂ ਬੋਰਡ ਲਗਾਏ ਗਏ ਹਨ। ਘੰਟਾਘਰ ਚੌਕ ਉੱਤੇ ਡਿਸਪੈਂਸਰੀ ਤਿਆਰ ਕੀਤੀ ਗਈ ਹੈ। ਇਸ ਤੋਂ ਇਲਾਵਾ ਮੈਡੀਕਲ ਸਹੂਲਤਾਂ ਨਾਲ ਲੈਸ ਐਮਬੂਲੈਂਸ ਨੂੰ ਵੀ ਤਿਆਰ ਕੀਤਾ ਗਿਆ ਹੈ। ਲੰਗਰਾਂ ਵਿਚ ਸਾਫ ਸਫਾਈ ਦੇ ਹਰ ਪੱਖੋਂ ਮਜ਼ਬੂਤ ਪ੍ਰਬੰਧ ਕੀਤੇ ਗਏ ਹਨ।

