ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਖਬਰ ਮੁਹਾਲੀ ਤੋਂ ਹੈ, ਜਿੱਥੇ ਪੰਜਾਬ ਵਿਜੀਲੈਂਸ ਬਿਓਰੋ ਦੇ ਏਆਈਜੀ ਅਸ਼ੀਸ਼ ਕਪੂਰ ਖ਼ਿਲਾਫ਼ ਪੰਜਾਬ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਸੈੱਲ ਵੱਲੋਂ ਇੱਕ ਅਪਰਾਧਿਕ ਕੇਸ ਦਰਜ ਕੀਤਾ ਗਿਆ ਹੈ। ਏਆਈਜੀ ਅਸ਼ੀਸ਼ ਕਪੂਰ ‘ਤੇ ਆਈਪੀਸੀ ਦੀਆਂ ਕਈ ਧਾਰਾਵਾਂ ਲਗਾਈਆਂ ਗਈਆਂ ਹਨ। ਸੀਨੀਅਰ ਪੁਲਿਸ ਅਧਿਕਾਰੀ ਅਸ਼ੀਸ਼ ਕਪੂਰ ‘ਤੇ ਜੇਲ੍ਹ ਤੋਂ ਰਿਕਵਰੀ ਰੈਕੇਟ ਚਲਾਉਣ, ਲੁੱਟ, ਬਲਾਤਕਾਰ ਅਤੇ ਇਕ ਔਰਤ ਨੂੰ ਧਮਕਾਉਣ ਦੇ ਦੋਸ਼ ਲਾਏ ਗਏ ਹਨ।
28 ਜੂਨ ਨੂੰ ਭੇਜੀ ਸੀ ਸ਼ਿਕਾਇਤ
ਕੁਰੂਕਸ਼ੇਤਰ ਦੀ ਰਹਿਣ ਵਾਲੀ 36 ਸਾਲਾ ਔਰਤ ਨੇ 28 ਜੂਨ 2019 ਨੂੰ ਅਸ਼ੀਸ਼ ਕਪੂਰ ਖਿਲਾਫ ਸੰਗਠਿਤ ਕ੍ਰਾਈਮ ਕੰਟਰੋਲ ਯੂਨਿਟ ਨੂੰ ਸ਼ਿਕਾਇਤ ਭੇਜੀ ਸੀ। ਇਸ ਵਿੱਚ ਉਸਨੇ ਅਸ਼ੀਸ਼ ਕਪੂਰ ‘ਤੇ ਪੁਲਿਸ ਦੀ ਮੌਜੂਦਗੀ ਵਿਚ ਜਾਅਲਸਾਜ਼ੀ, ਲੁੱਟ-ਖੋਹ ਅਤੇ ਬਲਾਤਕਾਰ ਵਰਗੇ ਗੰਭੀਰ ਦੋਸ਼ ਲਗਾਏ ਸਨ। ਕ੍ਰਾਈਮ ਕੰਟਰੋਲ ਯੂਨਿਟ ਵੱਲੋਂ ਸੀਆਰਪੀਸੀ ਦੀ ਧਾਰਾ 161 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। OCCU ਨੂੰ ਜਾਣਕਾਰੀ ਦਿੰਦਿਆਂ ਔਰਤ ਨੇ ਦੱਸਿਆ ਕਿ ਏਆਈਜੀ ਅਸ਼ੀਸ਼ ਕਪੂਰ ਨੇ ਆਪਣੇ ਹਕਾਂ ਦੀ ਦੁਰਵਰਤੋਂ ਕਰਦਿਆਂ ਮੁਹਾਲੀ ਥਾਣਾ ਜ਼ੀਰਕਪੁਰ ਵਿਖੇ ਉਸ ਖਿਲਾਫ਼ ਝੂਠਾ ਕੇਸ ਦਰਜ ਕੀਤਾ ਸੀ।
ਪਰਿਵਾਰਕ ਮੈਂਬਰਾਂ ‘ਤੇ ਥਰਡ ਡਿਗਰੀ ਟੋਰਚਰ
ਪੀੜਿਤ ਔਰਤ ਨੇ ਦੱਸਿਆ ਕਿ, ਏਆਈਜੀ ਅਸ਼ੀਸ਼ ਕਪੂਰ ਮੌਜੂਦਗੀ ਵਿੱਚ ਉਸ ਅਤੇ ਉਸਦੇ ਹੋਰ ਪਰਿਵਾਰਕ ਮੈਂਬਰਾਂ ‘ਤੇ ਥਰਡ ਡਿਗਰੀ ਟੋਰਚਰ ਕੀਤਾ ਗਿਆ। ਪੀੜਿਤਾ ਨੇ ਦੱਸਿਆ ਉਸ ਸਮੇਂ ਕਪੂਰ ਦੀ ਪਤਨੀ ਕਮਲ ਕਪੂਰ ਵੀ ਉੱਥੇ ਮੌਜੂਦ ਸੀ। ਪੀੜਿਤਾ ਨੇ ਇਹ ਵੀ ਦੋਸ਼ ਲਾਇਆ ਹੈ ਕਿ ਪੁਲਿਸ ਇੰਸਪੈਕਟਰ ਦੀ ਕਾਰ ਵਿੱਚ ਪੁਲਿਸ ਮੁਲਾਜ਼ਮਾਂ ਦੀ ਹਾਜ਼ਰੀ ਵਿੱਚ ਉਸ ਨਾਲ ਅਸ਼ੀਸ਼ ਕਪੂਰ ਨੇ ਬਲਾਤਕਾਰ ਕੀਤਾ ਹੈ।ਪੀੜਿਤ ਔਰਤ ਨੇ ਇਲਜਾਮ ਲਗਾਇਆ ਹੈ ਕਿ, ਜਦੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਅਸ਼ੀਸ਼ ਕਪੂਰ ਨੇ 38.80 ਲੱਖ ਰੁਪਏ ਅਤੇ 550 ਗ੍ਰਾਮ ਸੋਨੇ ਦੇ ਗਹਿਣਿਆਂ ਦੀ ਲੁੱਟ ਵੀ ਕੀਤੀ ਸੀ। ਇਹ ਪੈਸੇ ਅਤੇ ਸੋਨਾ ਔਰਤ ਦੇ ਘਰ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੇ ਬੈਂਕ ਖਾਤਿਆਂ ਅਤੇ ਲਾਕਰਾਂ ਵਿਚੋਂ ਕੱਢੇ ਗਏ ਸਨ।
ਜੇਲ੍ਹ ਵਿਚੋਂ ਰਿਕਵਰੀ ਰੈਕੇਟ ਚਲਾਉਣ ਦਾ ਦੋਸ਼
ਦੱਸ ਦੇਇਏ ਇਸ ਤੋਂ ਪਹਿਲਾਂ ਵੀ 1 ਮਈ 2019 ਨੂੰ ਪੰਜਾਬ ਸੀ.ਆਈ.ਡੀ ਦੇ ਇੰਟੈਲੀਜੈਂਸ ਵਿੰਗ ਨੇ ਅਸ਼ੀਸ਼ ਕਪੂਰ ‘ਤੇ ਪਟਿਆਲਾ ਕੇਂਦਰੀ ਜੇਲ੍ਹ ਤੋਂ ਰਿਕਵਰੀ ਰੈਕੇਟ ਚਲਾਉਣ ਦਾ ਦੋਸ਼ ਲਗਾਇਆ ਸੀ। ਉਸ ਕੇਸ ਵਿੱਚ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ‘ਚ ਪੰਜਾਬ ਪੁਲਿਸ ਦੀ ਸੰਗਠਿਤ ਕ੍ਰਾਈਮ ਕੰਟਰੋਲ ਯੂਨਿਟ ਜਾਂਚ ਕਰ ਰਹੀ ਹੈ। ਉਸੇ ਕੇਸ ਦੀ ਜਾਂਚ ਦੌਰਾਨ ਪੀੜਿਤ ਔਰਤ ਦਾ ਬਿਆਨ ਦਰਜ ਕੀਤਾ ਗਿਆ ਹੈ।

