ਪਟਿਆਲਾ : ਪਟਿਆਲਾ ਦੇ ਦੀਪ ਨਗਰ ਦੇ ਰਹਿਣ ਵਾਲੇ ਅਤੇ ਦੁੱਧ ਦੀ ਡੇਅਰੀ ਚਲਾਉਣ ਵਾਲੇ 40 ਸਾਲਾ ਨੌਜਵਾਨ ਰਵੀਨ ਕੁਮਾਰ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਗਲਾ ਘੁੱਟ ਕੇ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। 6 ਫੁੱਟ ਲੰਮੇ ਅਤੇ ਹੱਟੇ-ਕੱਟੇ ਨੌਜਵਾਨ ਦੀ ਇਸ ਤਰ੍ਹਾਂ ਹੱਤਿਆ ਹੋਣ ਕਾਰਨ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ ਅਤੇ ਗੁੱਜਰ ਸਮਾਜ ਵਿੱਚ ਭਾਰੀ ਰੋਹ ਦੇਖਣ ਨੂੰ ਮਿਲ ਰਿਹਾ ਹੈ। ਮ੍ਰਿਤਕ ਆਪਣੇ ਪਿੱਛੇ ਇੱਕ 8 ਸਾਲ ਦਾ ਮਾਸੂਮ ਬੇਟਾ ਛੱਡ ਗਿਆ ਹੈ।
ਨਵੇਂ ਬਣ ਰਹੇ ਘਰ ਨੂੰ ਦੇਖਣ ਗਿਆ ਸੀ ਰਵੀਨ
ਮਿਲੀ ਜਾਣਕਾਰੀ ਅਨੁਸਾਰ, ਰਵੀਨ ਕੁਮਾਰ ਦਾ ਨਵਾਂ ਘਰ ਤਿਆਰ ਹੋ ਰਿਹਾ ਹੈ। ਉਹ ਰਾਤ ਦੇ ਸਮੇਂ ਆਪਣੇ ਨਵੇਂ ਬਣ ਰਹੇ ਘਰ ਨੂੰ ਦੇਖਣ ਲਈ ਗਿਆ ਸੀ। ਦੋਸ਼ੀਆਂ ਨੇ ਪਹਿਲਾਂ ਸੋਚੀ-ਸਮਝੀ ਸਾਜ਼ਿਸ਼ ਤਹਿਤ ਉਸ ਦੇ ਸਿਰ ਵਿੱਚ ਰਾਡ ਮਾਰੀ ਅਤੇ ਫਿਰ ਲੋਹੇ ਦੀ ਤਾਰ ਨਾਲ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ। ਜਦੋਂ ਰਵੀਨ ਰੋਜ਼ਾਨਾ ਵਾਂਗ ਘਰ ਨਹੀਂ ਪਰਤਿਆ, ਤਾਂ ਪਰਿਵਾਰ ਨੇ ਉਸਦੀ ਭਾਲ ਸ਼ੁਰੂ ਕੀਤੀ। ਨਵੇਂ ਘਰ ਕੋਲ ਪਹੁੰਚਣ ‘ਤੇ ਉਸਦੀ ਲਾਸ਼ ਝਾੜੀਆਂ ਵਿੱਚ ਪਈ ਮਿਲੀ, ਜਿਸ ਨੂੰ ਤੁਰੰਤ ਮਨੀਪਾਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
5 ਮੁਲਜ਼ਮਾਂ ਖਿਲਾਫ ਮਾਮਲਾ ਦਰਜ, ਇੱਕ ਗ੍ਰਿਫ਼ਤਾਰ
ਘਟਨਾ ਦੀ ਸੂਚਨਾ ਮਿਲਦਿਆਂ ਹੀ ਗੁੱਜਰ ਸਮਾਜ ਦੇ ਲੋਕ ਵੱਡੀ ਗਿਣਤੀ ਵਿੱਚ ਅਰਬਨ ਸਟੇਟ ਫੇਸ-3 ਸਥਿਤ ਤ੍ਰਿਪੜੀ ਥਾਣੇ ਪਹੁੰਚ ਗਏ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ।
ਐੱਸ.ਪੀ. ਹੈੱਡਕੁਆਰਟਰ ਰਾਜੇਸ਼ ਛਿੱਬੜ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ 5 ਦੋਸ਼ੀਆਂ ਖਿਲਾਫ ਕਤਲ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਨੂੰ ਅਦਾਲਤ ਵਿੱਚ ਪੇਸ਼ ਕਰਕੇ 5 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਬਾਕੀ 4 ਫ਼ਰਾਰ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।
ਪਰਿਵਾਰ ਤੇ ਭਾਈਚਾਰੇ ਦੀ ਚੇਤਾਵਨੀ
ਉੱਧਰ, ਗੁੱਜਰ ਸਮਾਜ ਦੇ ਆਗੂਆਂ ਅਤੇ ਪੀੜਤ ਪਰਿਵਾਰ ਨੇ ਪੁਲਿਸ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਇਸ ਵਾਰਦਾਤ ਵਿੱਚ ਸ਼ਾਮਲ ਬਾਕੀ ਦੇ ਚਾਰੇ ਦੋਸ਼ੀ ਕਾਬੂ ਨਹੀਂ ਕੀਤੇ ਜਾਂਦੇ, ਤਦ ਤੱਕ ਮ੍ਰਿਤਕ ਰਵੀਨ ਕੁਮਾਰ ਦਾ ਨਾ ਤਾਂ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਨਾ ਹੀ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



