ਜਲੰਧਰ ਸਿਵਲ ਹਸਪਤਾਲ ‘ਚ ਐੱਸ.ਡੀ.ਐੱਮ. ਦੀ ਅਚਨਚੇਤ ਚੈਕਿੰਗ: ਕਮੀਆਂ ਨੂੰ ਲੈ ਕੇ ਪ੍ਰਸ਼ਾਸਨ ਸਖ਼ਤ, ਜਲਦ ਸੁਧਾਰ ਦੇ ਦਿੱਤੇ ਨਿਰਦੇਸ਼

ਜਲੰਧਰ: ਸ਼ਹਿਰ ਦੇ ਸਿਵਲ ਹਸਪਤਾਲ ਦੀ ਕਾਰਜਪ੍ਰਣਾਲੀ ਨੂੰ ਸੁਧਾਰਨ ਅਤੇ ਮਰੀਜ਼ਾਂ ਨੂੰ ਮਿਲ ਰਹੀਆਂ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਅੱਜ ਐੱਸ.ਡੀ.ਐੱਮ. ਨਵਦੀਪ ਸਿੰਘ ਨੇ ਹਸਪਤਾਲ…

ਸ਼ਹਿਰ ਦੇ ਸਿਵਲ ਹਸਪਤਾਲ ਦੀ ਕਾਰਜਪ੍ਰਣਾਲੀ ਨੂੰ ਸੁਧਾਰਨ ਅਤੇ ਮਰੀਜ਼ਾਂ ਨੂੰ ਮਿਲ ਰਹੀਆਂ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਅੱਜ ਐੱਸ.ਡੀ.ਐੱਮ. ਨਵਦੀਪ ਸਿੰਘ

ਜਲੰਧਰ: ਸ਼ਹਿਰ ਦੇ ਸਿਵਲ ਹਸਪਤਾਲ ਦੀ ਕਾਰਜਪ੍ਰਣਾਲੀ ਨੂੰ ਸੁਧਾਰਨ ਅਤੇ ਮਰੀਜ਼ਾਂ ਨੂੰ ਮਿਲ ਰਹੀਆਂ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਅੱਜ ਐੱਸ.ਡੀ.ਐੱਮ. ਨਵਦੀਪ ਸਿੰਘ ਨੇ ਹਸਪਤਾਲ ਦਾ ਅਚਨਚੇਤ ਦੌਰਾ ਕੀਤਾ। ਇਸ ਦੌਰਾਨ ਹਸਪਤਾਲ ਦੇ ਅਮਲੇ ਵਿੱਚ ਭਾਜੜਾਂ ਪੈ ਗਈਆਂ। ਇਸ ਚੈਕਿੰਗ ਦੌਰਾਨ 3 ਐੱਸ.ਐੱਮ.ਓ. ਅਤੇ ਮੈਡੀਕਲ ਸੁਪਰਡੈਂਟ ਵੀ ਮੌਜੂਦ ਸਨ।

ਮਰੀਜ਼ਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਦੀ ਕੀਤੀ ਪਰਖ

ਐੱਸ.ਡੀ.ਐੱਮ. ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਮਰੀਜ਼ਾਂ ਨੂੰ ਮਿਲ ਰਹੇ ਇਲਾਜ ਅਤੇ 10 ਰਾਖਵੇਂ ਬੈੱਡਾਂ ਦੀ ਸਥਿਤੀ ਦਾ ਜਾਇਜ਼ਾ ਲਿਆ ਗਿਆ। ਚੈਕਿੰਗ ਦੌਰਾਨ ਕੁਝ ਮਰੀਜ਼ਾਂ ਤੋਂ ਦਵਾਈਆਂ ਦੀ ਉਪਲਬਧਤਾ ਬਾਰੇ ਪੁੱਛਗਿੱਛ ਕੀਤੀ ਗਈ। ਇੱਕ ਮਰੀਜ਼ ਨੂੰ ਦਵਾਈ ਦੀ ਕਮੀ ਮਹਿਸੂਸ ਹੋਈ, ਜਿਸ ‘ਤੇ ਡਾਕਟਰਾਂ ਨੇ ਸਪੱਸ਼ਟ ਕੀਤਾ ਕਿ ਦਵਾਈ ਦਾ ਸਟਾਕ ਖਤਮ ਹੋ ਗਿਆ ਹੈ, ਜਿਸ ਲਈ ਨਵੇਂ ਆਰਡਰ ਦੇ ਦਿੱਤੇ ਗਏ ਹਨ ਅਤੇ ਇਹ ਇੱਕ-ਦੋ ਦਿਨਾਂ ਵਿੱਚ ਉਪਲਬਧ ਹੋ ਜਾਵੇਗੀ। ਇਸ ਤੋਂ ਇਲਾਵਾ, ਹਸਪਤਾਲ ਵਿੱਚ ਬਿਜਲੀ ਦੇ ਮੁੱਦਿਆਂ, ਖਾਸ ਕਰਕੇ ਇੱਕ ਵਾਰਡ ਵਿੱਚ ਕਰੰਟ ਆਉਣ ਦੀ ਸ਼ਿਕਾਇਤ ‘ਤੇ ਤੁਰੰਤ ਕਾਰਵਾਈ ਕਰਦਿਆਂ ਤਕਨੀਕੀ ਅਮਲੇ ਨੂੰ ਮੌਕੇ ‘ਤੇ ਭੇਜ ਕੇ ਮੁਰੰਮਤ ਦੇ ਨਿਰਦੇਸ਼ ਦਿੱਤੇ ਗਏ।

ਇਮਾਰਤ ਦੀ ਮੁਰੰਮਤ ਅਤੇ ਸਟਾਫ ਦੀ ਘਾਟ ਦਾ ਮੁੱਦਾ

ਮੈਡੀਕਲ ਸੁਪਰਡੈਂਟ ਡਾ. ਨਮਿਤਾ ਘਈ ਨੇ ਹਸਪਤਾਲ ਦੀਆਂ ਚੁਣੌਤੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਥੇ ਸਟਾਫ ਨਰਸਾਂ ਅਤੇ ਚੌਥਾ ਦਰਜਾ ਕਰਮਚਾਰੀਆਂ ਦੀ ਘਾਟ ਹੈ, ਜਿਸ ਨੂੰ ਸਰਕਾਰੀ ਪੱਧਰ ‘ਤੇ ਜਲਦ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਨੂੰ ਨਵਾਂ ਰੂਪ ਦੇਣ ਲਈ ਰੈਨੋਵੇਸ਼ਨ ਦਾ ਕੰਮ ਜ਼ੋਰਾਂ ‘ਤੇ ਹੈ। ਇਸ ਤਹਿਤ ਪਹਿਲੇ ਪੜਾਅ ਵਿੱਚ ਐੱਨ.ਸੀ.ਐੱਚ. ਦੇ ਸਾਰੇ 130 ਬਾਥਰੂਮਾਂ ਨੂੰ ਨਵਿਆਇਆ ਜਾ ਰਿਹਾ ਹੈ, ਜਿਸ ਤੋਂ ਬਾਅਦ ਓ.ਪੀ.ਡੀ., ਵਾਰਡਾਂ ਅਤੇ ਪੂਰੀ ਇਮਾਰਤ ਦੀ ਮੁਰੰਮਤ ਕੀਤੀ ਜਾਵੇਗੀ।

ਭਵਿੱਖ ਵਿੱਚ ਵੀ ਜਾਰੀ ਰਹੇਗੀ ਚੈਕਿੰਗ

ਐੱਸ.ਡੀ.ਐੱਮ. ਨਵਦੀਪ ਸਿੰਘ ਨੇ ਸਪੱਸ਼ਟ ਕੀਤਾ ਕਿ ਹਸਪਤਾਲ ਵਿੱਚ ਪਾਈਆਂ ਗਈਆਂ ਕਮੀਆਂ ਨੂੰ ਦੂਰ ਕਰਨ ਲਈ ਸਖ਼ਤ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਚੈਕਿੰਗ ਸਿਰਫ ਇੱਕ ਵਾਰੀ ਤੱਕ ਸੀਮਤ ਨਹੀਂ ਰਹੇਗੀ, ਸਗੋਂ ਭਵਿੱਖ ਵਿੱਚ ਵੀ ਸਮੇਂ-ਸਮੇਂ ‘ਤੇ ਅਚਨਚੇਤ ਨਿਰੀਖਣ ਕੀਤਾ ਜਾਵੇਗਾ ਅਤੇ ਮਰੀਜ਼ਾਂ ਤੋਂ ਫੀਡਬੈਕ ਲੈ ਕੇ ਸੇਵਾਵਾਂ ਵਿੱਚ ਸੁਧਾਰ ਯਕੀਨੀ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਡੇਂਗੂ ਦੇ ਮਰੀਜ਼ਾਂ ਲਈ ਵੀ ਹਸਪਤਾਲ ਵੱਲੋਂ ਪਹਿਲਾਂ ਹੀ ਮੁਕੰਮਲ ਪ੍ਰਬੰਧ ਕਰ ਲਏ ਗਏ ਹਨ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਗੁਰਦਾਸਪੁਰ ਵਿੱਚ ਵੱਡਾ ਹਾਦਸਾ ਟਲਿਆ: ਗੈਸ ਪਾਈਪਲਾਈਨ ਲੀਕ ਹੋਣ ਨਾਲ ਫੈਲੀ ਦਹਿਸ਼ਤ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *