ਤਲਵੰਡੀ ਸਾਬੋ: ਸਿੱਖ ਧਰਮ ਦੇ ਚੌਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਇਤਿਹਾਸਿਕ ਧਰਤੀ ਤਲਵੰਡੀ ਸਾਬੋ ਤੋਂ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਨਸ਼ੇ ਦੀ ਓਵਰਡੋਜ਼ ਕਾਰਨ ਇੱਕ 24 ਸਾਲਾ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਆਕਾਸ਼ਦੀਪ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੇ ਨਸ਼ੇ ਦਾ ਟੀਕਾ ਲਗਾਇਆ ਸੀ, ਜਿਸ ਤੋਂ ਤੁਰੰਤ ਬਾਅਦ ਉਸਦੀ ਜਾਨ ਚਲੀ ਗਈ। ਇਸ ਘਟਨਾ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਵਿੱਚ ਚੀਕ-ਚਿਹਾਰਾ ਮਚ ਗਿਆ ਹੈ ਅਤੇ ਇਲਾਕੇ ਦੇ ਲੋਕਾਂ ਵਿੱਚ ਭਾਰੀ ਰੋਸ ਹੈ।
“ਜਿਸਨੇ ਬੁਢਾਪੇ ਦੀ ਲਾਠੀ ਬਣਨਾ ਸੀ, ਉਹ ਚਿੱਟੇ ਦੀ ਭੇਟ ਚੜ੍ਹ ਗਿਆ”
ਮ੍ਰਿਤਕ ਨੌਜਵਾਨ ਦੀ ਮਾਂ ਨੇ ਹੰਝੂ ਵਹਾਉਂਦੇ ਹੋਏ ਆਪਣਾ ਦਰਦ ਬਿਆਨ ਕੀਤਾ। ਉਨ੍ਹਾਂ ਕਿਹਾ ਕਿ ਜਿਸ ਪੁੱਤਰ ਨੇ ਉਨ੍ਹਾਂ ਦੇ ਬੁਢਾਪੇ ਦਾ ਸਹਾਰਾ ਬਣਨਾ ਸੀ, ਉਹ ਭਰ ਜਵਾਨੀ ਵਿੱਚ ਚਿੱਟੇ ਦੇ ਡੰਗ ਦਾ ਸ਼ਿਕਾਰ ਹੋ ਗਿਆ। ਪਰਿਵਾਰਕ ਮੈਂਬਰਾਂ ਅਤੇ ਨਗਰ ਕੌਂਸਲ ਦੇ ਸਾਬਕਾ ਵਾਈਸ ਪ੍ਰਧਾਨ ਹਰਬੰਸ ਸਿੰਘ ਨੇ ਦੋਸ਼ ਲਾਇਆ ਕਿ ਪਵਿੱਤਰ ਸ਼ਹਿਰ ਦਾ ਦਰਜਾ ਪ੍ਰਾਪਤ ਹੋਣ ਦੇ ਬਾਵਜੂਦ ਤਲਵੰਡੀ ਸਾਬੋ ਵਿੱਚ ਨਸ਼ਾ ਸ਼ਰੇਆਮ ਅਤੇ ਧੜੱਲੇ ਨਾਲ ਵਿਕ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਕਈ ਘਰਾਂ ਦੇ ਚਿਰਾਗ ਬੁੱਝ ਰਹੇ ਹਨ।
ਸਾਬਕਾ ਐਮ.ਸੀ. ਨੇ ਪ੍ਰਸ਼ਾਸਨ ‘ਤੇ ਚੁੱਕੇ ਸਵਾਲ
ਨਗਰ ਕੌਂਸਲ ਦੇ ਸਾਬਕਾ ਆਗੂ ਹਰਬੰਸ ਸਿੰਘ ਨੇ ਕਿਹਾ ਕਿ ਤਲਵੰਡੀ ਸਾਬੋ ਨੂੰ ਪਵਿੱਤਰ ਸ਼ਹਿਰ ਐਲਾਨਿਆ ਗਿਆ ਹੈ, ਜਿੱਥੇ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੀ ਵਿਕਰੀ ‘ਤੇ ਪੂਰਨ ਪਾਬੰਦੀ ਹੋਣੀ ਚਾਹੀਦੀ ਹੈ। ਪਰ ਇਸਦੇ ਉਲਟ, ਇੱਥੇ ਚਿੱਟੇ ਅਤੇ ਹੋਰ ਨਸ਼ਿਆਂ ਦਾ ਜਾਲ ਲਗਾਤਾਰ ਫੈਲ ਰਿਹਾ ਹੈ। ਪੀੜਤ ਪਰਿਵਾਰ ਅਤੇ ਮੋਹਤਬਰਾਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਮੁਹਿੰਮ ਵਿੱਢੀ ਜਾਵੇ ਤਾਂ ਜੋ ਕਿਸੇ ਹੋਰ ਮਾਂ-ਬਾਪ ਦਾ ਪੁੱਤ ਨਸ਼ੇ ਦੀ ਭੇਟ ਨਾ ਚੜ੍ਹੇ।
ਜਾਂਚ ਜਾਰੀ
ਇਸ ਮਾਮਲੇ ਸਬੰਧੀ ਜਦੋਂ ਸਥਾਨਕ ਥਾਣਾ ਮੁਖੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕੈਮਰੇ ਸਾਹਮਣੇ ਕੁਝ ਵੀ ਬੋਲਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਹਾਲਾਂਕਿ, ਫ਼ੋਨ ‘ਤੇ ਗੱਲਬਾਤ ਕਰਦਿਆਂ ਉਨ੍ਹਾਂ ਪੁਸ਼ਟੀ ਕੀਤੀ ਕਿ ਨੌਜਵਾਨ ਨੇ ਨਸ਼ੀਲੀਆਂ ਗੋਲੀਆਂ ਘੋਲ ਕੇ ਟੀਕਾ ਲਗਾਇਆ ਸੀ, ਜਿਸ ਕਾਰਨ ਉਸਦੀ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਕੋਲ ਅਜੇ ਤੱਕ ਕੋਈ ਅਧਿਕਾਰਤ ਰੁੱਕਾ (ਲਿਖਤੀ ਸੂਚਨਾ) ਨਹੀਂ ਪਹੁੰਚਿਆ ਹੈ। ਦੂਜੇ ਪਾਸੇ, ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਤਲਵੰਡੀ ਸਾਬੋ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

