ਚੰਡੀਗੜ੍ਹ: ਮੀਂਹ ਦੇ ਕਾਰਨ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਕ ਅਹਿਮ ਫੈਸਲਾ ਲੈਂਦੇ ਹੋਏ 13 ਜੁਲਾਈ ਤੱਕ ਸਕੂਲ ਬੰਦ ਕਰ ਦਿੱਤੇ ਗਏ ਹਨ। ਉਥੇ ਹੀ ਚੰਡੀਗੜ੍ਹ ਤੋਂ ਕੁਰਾਲੀ ਅਤੇ ਬੱਦੀ ਨੂੰ ਜਾਣ ਵਾਲਾ ਹਾਈਵੇਅ ਨਿਊ ਚੰਡੀਗੜ੍ਹ ਨੇੜੇ ਰੁੜ੍ਹ ਗਿਆ ਹੈ। ਇਸ ਕਾਰਨ ਬੱਦੀ-ਚੰਡੀਗੜ੍ਹ ਅਤੇ ਕੁਰਾਲੀ-ਚੰਡੀਗੜ੍ਹ ਰੂਟ ਪੂਰੀ ਤਰ੍ਹਾਂ ਬੰਦ ਹੋ ਗਏ ਹਨ। ਸੁਖਨਾ ਝੀਲ ਦੇ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਸੋਮਵਾਰ ਨੂੰ ਇਸ ਦਾ ਪਾਣੀ ਲੇਕ ਕਲੱਬ ਵਿੱਚ ਦਾਖਲ ਹੋ ਗਿਆ। ਸੁਖਨਾ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਪਿੰਡ ਕਿਸ਼ਨਗੜ੍ਹ ਅਤੇ ਆਈਟੀ ਪਾਰਕ ਵਿੱਚ ਵੀ ਪਾਣੀ ਭਰਨ ਦੀ ਸਮੱਸਿਆ ਆ ਗਈ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਵੀ ਮੀਂਹ ਕਾਰਨ 10 ਅਤੇ 11 ਤਰੀਕ ਨੂੰ ਹੋਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ, ਕੌਂਸਲਿੰਗ ਅਤੇ ਖੇਡਾਂ ਦੇ ਟਰਾਇਲ ਰੱਦ ਕਰ ਦਿੱਤੇ ਹਨ। ਇਸ ਦਾ ਨਵਾਂ ਸ਼ਡਿਊਲ ਯੂਨੀਵਰਸਿਟੀ ਦੀ ਵੈੱਬਸਾਈਟ ‘ਤੇ ਅਪਲੋਡ ਕੀਤਾ ਜਾਵੇਗਾ।
ਮੌਸਮ ਵਿਭਾਗ ਨੇ ਚੰਡੀਗੜ੍ਹ ਸ਼ਹਿਰ ‘ਚ ਅਗਲੇ 3 ਘੰਟਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਵੀ ਫੀਲਡ ਵਿੱਚ ਮੌਜੂਦ ਹਨ। ਉਹ ਐਮਰਜੈਂਸੀ ਨਾਲ ਨਜਿੱਠਣ ਲਈ ਵੱਖ-ਵੱਖ ਟੀਮਾਂ ਬਣਾ ਕੇ ਡਿਊਟੀ ‘ਤੇ ਤਾਇਨਾਤ ਹਨ। ਇਸ ਦੌਰਾਨ ਚੰਡੀਗੜ੍ਹ ਦੇ ਸਾਰੇ ਸਕੂਲ 13 ਜੁਲਾਈ ਤੱਕ ਬੰਦ ਕਰ ਦਿੱਤੇ ਗਏ ਹਨ।
